ED ਦੀ ਰਾਡਾਰ ’ਤੇ CM ਭਗਵੰਤ ਮਾਨ ਦਾ OSD ਰਾਜਵੀਰ ਘੁੰਮਣ ! ਈਡੀ ਨੇ ਡੀਜੀਪੀ ਨੂੰ ਲਿਖਿਆ ਪੱਤਰ, ਬਿਕਰਮ ਮਜੀਠੀਆ ਨੇ ਚੁੱਕੇ ਸਵਾਲ
ਈਡੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ਉਹ ਰਾਜਨੀਤਿਕ ਤੌਰ 'ਤੇ ਜੁੜੇ ਸ਼ੱਕੀ 'ਤੇ ਸ਼ਿਕੰਜਾ ਕੱਸਣ ਅਤੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਦੇ ਕਰੀਬੀ ਸਾਥੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਜ਼ਮੀਨੀ ਵਿਵਾਦਾਂ ਵਿੱਚ ਦਖਲਅੰਦਾਜ਼ੀ ਦਾ ਇਲਜ਼ਾਮ ਲਗਾਇਆ ਗਿਆ ਹੈ।
ਈਡੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਲਿਖਿਆ ਪੱਤਰ
ਈਡੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ਉਹ ਰਾਜਨੀਤਿਕ ਤੌਰ 'ਤੇ ਜੁੜੇ ਸ਼ੱਕੀ 'ਤੇ ਸ਼ਿਕੰਜਾ ਕੱਸਣ ਅਤੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਈਡੀ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਕਤ ਵਿਅਕਤੀ 'ਤੇ ਤਬਾਦਲੇ-ਪੋਸਟਿੰਗ ਵਿੱਚ ਦਖਲ ਦੇਣ ਅਤੇ ਨੀਤੀਗਤ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦਾ ਇਲਜ਼ਾਮ ਹੈ।
ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਇੱਕ ਪੋਸਟ ਨੇ ਵੀ ਪੰਜਾਬ ਦੀ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ। ਦਰਅਸਲ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਈਡੀ ਦੀ ਰਾਡਾਰ ’ਤੇ ਹੈ।
ਓਐਸਡੀ ਰਾਜਵੀਰ ਘੁੰਮਣ ਈਡੀ ਦੀ ਰਾਡਾਰ ’ਤੇ
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਦਾ ਓਐਸਡੀ ਰਾਜਵੀਰ ਘੁੰਮਣ ਹੁਣ ਈਡੀ ਦੇ ਰਾਡਾਰ ’ਤੇ ਆ ਗਿਆ ਹੈ। ਈਡੀ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਪੱਤਰ ਲਿਖਿਆ ਹੈ। ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਰਾਜਵੀਰ ਘੁੰਮਣ ਨੇ ਬਦਲੀਆਂ ਦੇ ਕਰੋੜਾਂ ਕਮਾਏ, ਸਰਕਾਰੀ ਕੰਮਾਂ ਦੀ ਦਲਾਲੀ ਕੀਤੀ ਹੈ। ਉਨ੍ਹਾਂ ਦੇ ਕੋਲ ਇਸਦੇ ਖਿਲਾਫ ਵਾਟਸਐਪ ਚੈੱਟ ਤੇ ਹੋਰ ਵੀ ਸਬੂਤ ਹਨ। ਸਾਰੇ ਹੀ ਫੜ੍ਹੇ ਜਾਣਗੇ।
ਬਿਕਰਮ ਸਿੰਘ ਮਜੀਠੀਆ ਵੱਲੋਂ ਸੀਐੱਮ ਭਗਵੰਤ ਮਾਨ ਕੋਲੋਂ ਤਿੰਨ ਸਵਾਲ ਪੁੱਛੇ ਗਏ ਹਨ। ਜੋ ਕਿ
- ਰਾਜਵੀਰ ਘੁੰਮਣ ਨੂੰ ਇੰਨੀ ਪਹੁੰਚ ਕਿਸਨੇ ਦਿੱਤੀ ਗੁਰੂ ਦੋਖੀ ਭਗਵੰਤ ਮਾਨ?
- ਬਦਲੀਆਂ ਦੇ ਕਰੋੜਾਂ ਦਾ ਹਿੱਸਾ ਕਿੱਥੇ ਗਿਆ ਗੁਰੂ ਦੋਖੀ ਭਗਵੰਤ ਮਾਨ?
- ਤੇਰੇ ਘਰ ਵਿੱਚ ਹੁਣ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ
ਇਨ੍ਹਾਂ ਸਵਾਲਾਂ ਮਗਰੋਂ ਮਜੀਠੀਆ ਨੇ ਇਹ ਵੀ ਕਿਹਾ ਕਿ ਰਾਜਵੀਰ ਘੁੰਮਣ ਮੋਹਰਾ ਹੈ ਪਰ ਅਸਲੀ ਖਿਡਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ। ਸਭ ਹੀ ਫੜ੍ਹੇ ਜਾਣਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਕੱਚਾ ਡੀਜੀਪੀ ਰਾਜਵੀਰ ਘੁੰਮਣ ਦੇ ਖਿਲਾਫ ਕਾਰਵਾਈ ਕਰਨ ਵਿੱਚ ਕਿੰਨਾ ਦਮ ਦਿਖਾਉਂਦਾ ਹੈ ਅਤੇ ਰਾਜਵੀਰ ਘੁੰਮਣ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੰਜਾਬ ਦੇ ਲੋਕਾ ਦਾ ਲੁੱਟਿਆ ਗਿਆ ਪੈਸਾ ਪੰਜਾਬ ਦੇ ਖਜਾਨੇ ਵਿਚ ਜਮਾਂ ਕਰਵਾਉਂਦਾ ਹੈ।
ਈਡੀ ਨੇ ਰਾਜਵੀਰ ਘੁੰਮਣ ਬਾਰੇ ਕੀ ਕਿਹਾ ?
ਡੀਜੀਪੀ ਗੌਰਵ ਯਾਦਵ ਨੂੰ ਈਡੀ ਦਾ ਪੱਤਰ ਚੰਡੀਗੜ੍ਹ ਸਥਿਤ ਇੱਕ ਹਾਊਸਿੰਗ ਸੋਸਾਇਟੀ ਅਤੇ ਉਸਦੇ ਸਹਿਯੋਗੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਜਾਂਚ ਦੇ ਹਿੱਸੇ ਵਜੋਂ ਤਿਆਰ ਕੀਤਾ ਗਿਆ ਸੀ।
ਏਜੰਸੀ ਨੇ ਕਿਹਾ ਕਿ 7 ਤੋਂ 10 ਮਈ ਦੇ ਵਿਚਕਾਰ ਕਈ ਥਾਵਾਂ 'ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ, ਲਗਭਗ 21 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ ਸਨ।
ਈਡੀ ਦੇ ਅਨੁਸਾਰ, ਵਟਸਐਪ ਚੈਟਾਂ ਸਮੇਤ ਡਿਵਾਈਸਾਂ ਤੋਂ ਬਰਾਮਦ ਕੀਤੀ ਗਈ ਸਮੱਗਰੀ ਨੇ ਕਥਿਤ ਤੌਰ 'ਤੇ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਨੂੰ ਪ੍ਰਭਾਵਿਤ ਕਰਨ ਬਾਰੇ ਚਰਚਾਵਾਂ ਸਾਹਮਣੇ ਆਈਆਂ ਹਨ।
ਏਜੰਸੀ ਨੇ 2023 ਅਤੇ 2026 ਦੇ ਵਿਚਕਾਰ 20 ਤੋਂ ਵੱਧ ਕਥਿਤ ਮਾਮਲਿਆਂ ਦਾ ਹਵਾਲਾ ਦਿੱਤਾ ਜਿਸ ਵਿੱਚ ਆਈਏਐਸ, ਆਈਪੀਐਸ, ਪੀਸੀਐਸ ਅਤੇ ਡੀਐਸਪੀ-ਰੈਂਕ ਦੇ ਅਧਿਕਾਰੀ ਸ਼ਾਮਲ ਸਨ।
ਈਡੀ ਨੇ ਟੈਂਡਰ ਸ਼ਰਤਾਂ, ਲਾਇਸੈਂਸਿੰਗ ਮਾਮਲਿਆਂ ਅਤੇ ਜ਼ਮੀਨੀ ਲੈਣ-ਦੇਣ ਵਿੱਚ ਦਖਲਅੰਦਾਜ਼ੀ ਦਾ ਵੀ ਇਲਜ਼ਾਮ ਲਗਾਇਆ ਹੈ। ਪੱਤਰ ਵਿੱਚ ਜ਼ਿਕਰ ਕੀਤੇ ਗਏ ਮਾਮਲਿਆਂ ਵਿੱਚੋਂ ਇੱਕ ਮੁਹਾਲੀ ਵਿੱਚ ਇੱਕ ਪਲਾਟ ਦੇ ਕਥਿਤ ਘੱਟ ਮੁੱਲਾਂਕਣ ਨਾਲ ਸਬੰਧਤ ਹੈ। ਏਜੰਸੀ ਨੇ ਅੱਗੇ ਕਿਹਾ ਕਿ ਕੁਝ ਚੈਟਾਂ ਵਿੱਚ ਕਥਿਤ ਤੌਰ 'ਤੇ ਲੱਖਾਂ ਵਿੱਚ ਨਕਦ ਭੁਗਤਾਨ ਅਤੇ ਲੈਣ-ਦੇਣ ਦਾ ਹਵਾਲਾ ਵੀ ਸਾਹਮਣੇ ਆਇਆ ਹੈ।