ਪਾਕਿਸਤਾਨ ਚ ਗੁਰੂ-ਘਰ ਦੇ ਅੰਦਰ ਸਿੱਖ ਜੋੜੇ ਦਾ ਬੇਰਹਿਮ ਕਤਲ ਅਤਿ-ਨਿੰਦਣਯੋਗ : ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਜੀ
ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਆਖਿਆ ਕਿ ਪਵਿੱਤਰ ਗੁਰੂ-ਧਾਮ ਦੇ ਅੰਦਰ ਦਾਖਲ ਹੋ ਕੇ ਇਸ ਤਰ੍ਹਾਂ ਦੀ ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣਾ ਸਮੁੱਚੀ ਮਨੁੱਖਤਾ ਅਤੇ ਧਾਰਮਿਕ ਆਜ਼ਾਦੀ 'ਤੇ ਇੱਕ ਵੱਡਾ ਹਮਲਾ ਹੈ।
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਅਧੀਨ ਪੈਂਦੇ ਮਰਦਾਨ ਦੇ ਬਾਬੂ ਮੁਹੱਲਾ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਅਸਥਾਨ ਦੀ ਮਰਯਾਦਾ ਨੂੰ ਤਾਰ-ਤਾਰ ਕਰਦਿਆਂ, ਉੱਥੇ ਲੰਮੇ ਸਮੇਂ ਤੋਂ ਸੇਵਾ ਸੰਭਾਲ ਕਰ ਰਹੇ ਸਿੱਖ ਜੋੜੇ ਭਾਈ ਜਗਨਨਾਥ ਜੀ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਅਸਮਾ ਵੰਤੀ ਜੀ ਦੀ ਗੋਲੀਆਂ ਮਾਰ ਕੇ ਕੀਤੀ ਗਈ ਬੇਰਹਿਮ ਹੱਤਿਆ 'ਤੇ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ (ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ) ਨੇ ਇਸ ਕਾਇਰਾਨਾ ਅਤੇ ਅਣਮਨੁੱਖੀ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਆਖਿਆ ਕਿ ਪਵਿੱਤਰ ਗੁਰੂ-ਧਾਮ ਦੇ ਅੰਦਰ ਦਾਖਲ ਹੋ ਕੇ ਇਸ ਤਰ੍ਹਾਂ ਦੀ ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣਾ ਸਮੁੱਚੀ ਮਨੁੱਖਤਾ ਅਤੇ ਧਾਰਮਿਕ ਆਜ਼ਾਦੀ 'ਤੇ ਇੱਕ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਕੌਮ ਅਤੇ ਹੋਰਨਾਂ ਘੱਟਗਿਣਤੀਆਂ 'ਤੇ ਲਗਾਤਾਰ ਹੋ ਰਹੇ ਨਿਸ਼ਾਨੇਬੱਧ ਹਮਲੇ ਉੱਥੋਂ ਦੇ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਣਾਲੀ ਦੇ ਪੋਲ ਖੋਲ੍ਹਦੇ ਹਨ।
ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾਦਾਰਾਂ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਚਿੰਤਾਜਨਕ ਹੈ। ਇਹ ਘਟਨਾ ਸਿੱਧੇ ਤੌਰ 'ਤੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਲਹੂ-ਲੁਹਾਨ ਕਰਨ ਵਾਲੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਿਆ ਕਿ ਉੱਥੇ ਰਹਿ ਰਹੇ ਸਿੱਖਾਂ ਦੇ ਜਾਨ-ਮਾਲ ਅਤੇ ਧਾਰਮਿਕ ਅਸਥਾਨਾਂ ਦੀ ਹਿਫ਼ਾਜ਼ਤ ਕਰਨਾ ਇਸਲਾਮਾਬਾਦ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ, ਜਿਸ ਨੂੰ ਨਿਭਾਉਣ ਵਿੱਚ ਉੱਥੋਂ ਦੀ ਹਕੂਮਤ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਖ਼ੈਬਰ ਪਖ਼ਤੂਨਖ਼ਵਾ ਦੀ ਪੁਲਿਸ ਇਸ ਮਾਮਲੇ ਦੇ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਬੇਪਰਦ ਕਰਕੇ ਸਖਤ ਤੋਂ ਸਖਤ ਸਜ਼ਾ ਦੇਵੇ।
ਇਹ ਵੀ ਪੜ੍ਹੋ : Pakistan ਦੇ ਇੱਕ ਗੁਰਦੁਆਰਾ ਸਾਹਿਬ ਅੰਦਰ ਹੋਈ ਫਾਇਰਿੰਗ, ਸਿੱਖ ਜੋੜੇ ਦੀ ਗੋਲੀ ਮਾਰ ਕੇ ਹੱਤਿਆ