Raikot News : ਨਹਿਰੀ ਸੂਏ 'ਚ ਪਿਆ ਵੱਡਾ ਪਾੜ ! ਤੇਜ਼ ਵਹਾਅ ਨੇ ਮਚਾਈ ਤਬਾਹੀ, ਕਿਸਾਨਾਂ ਦੀਆਂ ਫ਼ਸਲਾਂ ਪਾਣੀ ’ਚ ਡੁੱਬੀਆਂ
Raikot News : ਰਾਏਕੋਟ ਤੋਂ ਸਹਿਬਾਜਪੁਰਾ ਰੋਡ 'ਤੇ ਸਥਿਤ ਨਹਿਰੀ ਸੂਆ ਅਚਾਨਕ ਤੜਕਸਾਰ ਟੁੱਟ ਜਾਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਨਹਿਰੀ ਪਾਣੀ ਦੇ ਤੇਜ਼ ਵਹਾਅ ਨੇ ਕੁਝ ਹੀ ਸਮੇਂ ਵਿੱਚ ਨੇੜਲੇ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਇੱਥੋਂ ਤੱਕ ਕਿ ਇੱਥੋਂ ਗੁਜ਼ਰਦਾ ਇੱਕ ਟਰੈਕਟਰ ਟਰਾਲੀ ਨੂੰ ਵੀ ਇਸ ਤੇਜ਼ ਵਹਾਅ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ’ਤੇ ਬੈਠੇ ਕਿਸਾਨ ਗੁਰਦੀਪ ਸਿੰਘ ਵੱਲੋਂ ਟਰੈਕਟਰ ਤੋਂ ਛਾਲ ਮਾਰਕੇ ਆਪਣੀ ਮੁਸ਼ਕਿਲ ਨਾਲ ਜਾਣ ਬਚਾਈ। ਪਾੜ ਪੈਣ ਨਾਲ ਭਾਰੀ ਵਹਾਅ ਵਾਲੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ-ਸਹਿਬਾਜਪੁਰਾ ਰੋਡ 'ਤੇ ਲੰਘਦੇ ਨਹਿਰੀ ਸੂਏ ਵਿੱਚ ਅਚਾਨਕ ਪਾੜ ਪੈ ਗਿਆ, ਜਿਸ ਤੋਂ ਬਾਅਦ ਤੇਜ਼ੀ ਨਾਲ ਨਿਕਲਦਾ ਪਾਣੀ ਆਲੇ-ਦੁਆਲੇ ਦੇ ਖੇਤਾਂ ਵਿੱਚ ਫੈਲ ਗਿਆ। ਦੇਖਦੇ ਹੀ ਦੇਖਦੇ ਕਈ ਏਕੜ ਰਕਬਾ ਪਾਣੀ ਹੇਠ ਆ ਗਿਆ ਅਤੇ ਕਿਸਾਨਾਂ ਦੀ ਖੜ੍ਹੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਨਹਿਰੀ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਸੂਏ ਨੂੰ ਬੰਦ ਕਰਕੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ ਗਿਆ।
ਇਸ ਮਾਮਲੇ ਸਬੰਧੀ ਐਸਡੀਓ ਨਹਿਰੀ ਜਗਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਕ ਕਿਸਾਨ ਦੇ ਟਰੈਕਟਰ ਦਾ ਕੋਈ ਹਿੱਸਾ ਸੂਏ ਨਾਲ ਟਕਰਾ ਗਿਆ ਸੀ, ਜਿਸ ਕਾਰਨ ਸੂਏ ਨੂੰ ਨੁਕਸਾਨ ਪਹੁੰਚਿਆ ਅਤੇ ਇਹ ਟੁੱਟ ਗਿਆ। ਹਾਲਾਂਕਿ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪ੍ਰਭਾਵਿਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਨਹਿਰੀ ਵਿਭਾਗ ਵੱਲੋਂ ਕਿਸਾਨ ਗੁਰਦੀਪ ਸਿੰਘ ਦੇ ਟਰੈਕਟਰ ਦੀ ਟੱਕਰ ਨੂੰ ਇਸ ਪਾੜ ਦਾ ਕਾਰਨ ਦੱਸਦਿਆਂ ਹੋਇਆਂ ਮੌਕੇ ਤੇ ਜੇ ਈ ਨਹਿਰੀ ਵੱਲੋਂ ਪੁਲਿਸ ਪਾਰਟੀ ਬੁਲਾਈ ਗਈ ਪਰ ਮੌਕੇ ’ਤੇ ਮੌਜੂਦ ਕਿਸਾਨਾਂ ਵੱਲੋਂ ਵਿਭਾਗ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ, ਜਿਸ ਦੇ ਚੱਲਦਿਆਂ ਪੁਲਿਸ ਪਾਰਟੀ ਵੀ ਮੌਕੇ ਦੀ ਨਜ਼ਾਕਤ ਦੇਖਦਿਆਂ ਓਥੋਂ ਖਿਸਕ ਗਈ। ਜਿਸ ਦੇ ਚੱਲਦਿਆਂ ਇਸ ਸਮੇਂ ਮੌਕੇ ’ਤੇ ਵੱਡਾ ਤਣਾਅ ਬਣਿਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : Ludhiana ’ਚ ਅੰਬੇਡਕਰ ਨਗਰ ਦੇ ਇੱਕ ਘਰ ਨੂੰ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਘਰ ਸਣੇ ਵਾਹਨਾਂ ਦੀ ਕੀਤੀ ਭੰਨਤੋੜ
- PTC NEWS