ਜਨਰਲ ਮੈਨੇਜਰ ਖ਼ਿਲਾਫ਼ ਕੇਸ : ਪਨਸਪ ਮੁਲਾਜ਼ਮਾਂ ਵੱਲੋਂ ਵਿਜੀਲੈਂਸ ਬਿਊਰੋ ਖ਼ਿਲਾਫ਼ ਨਾਅਰੇਬਾਜ਼ੀ

By  Ravinder Singh November 24th 2022 06:11 PM -- Updated: November 24th 2022 06:13 PM

ਐਸਏਐਸ ਨਗਰ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਵਿਰੁੱਧ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਆਟਾ-ਦਾਲ ਸਕੀਮ 'ਚ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਮੁਕੱਦਮੇ ਤੋਂ ਬਾਅਦ ਪਨਸਪ ਦੇ ਮੁਲਾਜ਼ਮ ਵਿਜੀਲੈਂਸ ਬਿਊਰੋ ਦੇ ਵਿਰੋਧ ਵਿਚ ਆ ਗਏ ਹਨ। ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਰੋਸ ਵਜੋਂ ਪਨਸਪ ਦੇ ਮੁਲਾਜ਼ਮਾਂ ਨੇ ਧਰਨਾ ਦਿੱਤਾ। ਇਸ ਮੌਕੇ ਮੁਲਾਜ਼ਮਾਂ ਨੇ ਵਿਜੀਲੈਂਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਸੀ ਕਿ ਇਸ ਘਪਲੇ ਬਾਰੇ ਬਿਊਰੋ ਨੇ ਜਾਂਚ ਦੌਰਾਨ ਪਾਇਆ ਕਿ ਸਾਲ 2015-16 'ਚ ਆਟਾ ਦਾਲ ਸਕੀਮ ਅਧੀਨ ਆਟਾ-ਦਾਲ ਦੀ ਵੰਡ ਦੌਰਾਨ ਨਵੀਨ ਕੁਮਾਰ ਨੇ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ-ਸਿੱਧਾ 2,20,52,042 ਰੁਪਏ ਦਾ ਖ਼ੋਰਾ ਲਾਇਆ ਹੈ। ਉਸ ਨੇ ਇਸ ਸਕੀਮ ਤਹਿਤ ਯੂਕੋ ਬੈਂਕ ਦੇ ਖਾਤੇ 'ਚ 43,74,98,681 ਰੁਪਏ ਜਮ੍ਹਾਂ ਕਰਵਾਉਣ ਦੀ ਬਜਾਏ ਸਿਰਫ਼ 38,38,88,711 ਰੁਪਏ ਹੀ ਜਮ੍ਹਾਂ ਕਰਵਾਏ। ਇਸ ਤਰ੍ਹਾਂ ਉਕਤ ਮੁਲਜ਼ਮ ਨੇ ਪਨਸਪ ਦੇ ਹੋਰ ਮੁਲਾਜ਼ਮਾਂ ਨਾਲ ਗੰਢ-ਤੁਪ ਕਰਕੇ 5,36,09,979 ਰੁਪਏ ਦਾ ਗਬਨ ਕੀਤਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਸੁਨਿਆਰੇ ਦੇ ਕੰਪਲੈਕਸ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਦਸਤਾਵੇਜ਼ ਜ਼ਬਤ

ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਨਵੀਨ ਕੁਮਾਰ ਨੇ ਪਨਸਪ 'ਚ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਨਿਰਧਾਰਤ ਸੇਵਾ ਨਿਯਮਾਂ ਨੂੰ ਅਣਗੌਲਿਆਂ ਕਰਦੇ ਹੋਏ ਵਿਭਾਗ ਦੇ ਵੱਖ-ਵੱਖ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਚਾਰਜਸ਼ੀਟਾਂ ਰਫਾ ਦਫਾ ਕੀਤੀਆਂ, ਜਿਸ ਨਾਲ ਸੂਬਾ ਸਰਕਾਰ ਨੂੰ 64,64,36,854 ਰੁਪਏ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਸੀ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਵੀਨ ਕੁਮਾਰ ਕੋਲ ਪਨਸਪ ਦੇ ਮੈਨੇਜਰ ਵਜੋਂ ਚੁਣੇ ਜਾਣ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਵੀ ਨਹੀਂ ਸੀ ਪਰ ਫਿਰ ਉਹ ਮੈਨੇਜਰ ਵਜੋਂ ਚੁਣੇ ਜਾਣ ਵਿੱਚ ਸਫ਼ਲ ਰਿਹਾ ਜਦਕਿ ਬਾਕੀ ਉਮੀਦਵਾਰਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ।

Related Post