ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ, ਗਰੀਬਾਂ ਤੇ ਸਿੱਖ ਕੌਮ ਨੂੰ ਕਰ ਰਹੀ ਫੇਲ੍ਹ: ਹਰਸਿਮਰਤ ਕੌਰ ਬਾਦਲ

ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ’ਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਤੇ ਗਰੀਬ ਲੋਕ ਅੱਛੇ ਦਿਨਾਂ ਦੀ ਉਡੀਕ ਕਰ ਰਹੇ ਹਨ

By  Jasmeet Singh February 8th 2023 07:06 PM

ਚੰਡੀਗੜ੍ਹ, 8 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਤੇ ਗਰੀਬਾਂ ਨੂੰ ਫੇਲ੍ਹ ਬਣਾ ਚੁੱਕੀ ਹੈ ਜਦੋਂ ਕਿ ਇਹ ਸਿੱਖ ਕੌਮ ਦੇ ਖਿਲਾਫ ਵਿਤਕਰਾ ਕਰ ਰਹੀ ਹੈ।

ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ਵਿਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ 2014 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਆਮਦਨ ਦੁੱਗਣੀ ਕਰਨ ਦੀ ਤਾਂ ਗੱਲ ਹੀ ਛੱਡੋ ਖੇਤੀਬਾੜੀ ਨਾਲ ਜੁੜੀਆਂ ਚੀਜ਼ਾਂ ਭਾਵੇਂ ਉਹ ਡੀਜ਼ਲ, ਬੀਜ, ਖਾਦਾਂ ਜਾਂ ਟਰੈਕਟਰ ਆਦਿ ਹੋਣ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਆਪ ਰਾਜ ਸਭਾ ਵਿਚ ਇਹ ਮੰਨਿਆ ਹੈ ਕਿ ਪਿਛਲੇ ਛੇ ਸਾਲਾਂ ਵਿਚ ਕਿਸਾਨਾਂ ਦਾ ਕਰਜ਼ਾ 53 ਫੀਸਦੀ ਵੱਧ ਗਿਆ ਹੈ। 

ਉਹਨਾਂ ਕਿਹਾ ਕਿ ਇਸਦੇ ਨਤੀਜੇ ਵਜੋਂ ਖੁਦਕੁਸ਼ੀਆਂ ਹੋ ਰਹੀਆਂ ਹਨ ਤੇ ਕੇਂਦਰ ਸਰਕਾਰ ਨੇ ਆਪ ਮੰਨਿਆ ਹੈ ਕਿ ਹਰ ਰੋਜ਼ 136 ਕਿਸਾਨ ਖੁਦਕੁਸ਼ੀ ਕਰਦੇ ਹਨ ਯਾਨੀ ਕਿ ਸਾਲਾਨਾ 15000 ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਦਾ ਰਾਹ ਫੜਨਾ ਪਿਆ ਪਰ ਸਰਕਾਰ ਵੱਲੋਂ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। 

ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੇ 9 ਸਾਲਾਂ ਵਿਚ ਗਰੀਬ ਹੋਰ ਗਰੀਬ ਹੋਇਆ ਹੈ। ਉਹਨਾਂ ਕਿਹਾ ਕਿ ਜਿਹਨਾਂ ਨੂੰ ’ਅੱਛੇ ਦਿਨਾਂ’ ਦਾ ਵਾਅਦਾ ਕੀਤਾਸੀ,  ਉਹਨਾਂ ਨੂੰ ਅਤਿ ਦੀ ਮਹਿੰਗਾਈ, ਕਰਜ਼ਾ ਤੇ ਭੁੱਖਮਰੀ ਮਿਲੀ ਹੈ। ਉਹਨਾਂ ਕਿਹਾ ਕਿ ਕੌਮਾਂਤਰੀ ਮੁਦਰਾ ਕੋਸ਼ (ਆਈ ਐਮ ਅਫ) ਨੇ ਦੱਸਿਆ ਹੈ ਕਿ ਕਿਵੇਂ ਪਿਛਲੇ 9 ਸਾਲਾਂ ਵਿਚ ਪ੍ਰਤੀ ਵਿਅਕਤੀ ’ਤੇ ਕਰਜ਼ਾ 43000 ਰੁਪਏ ਤੋਂ ਵੱਧ ਕੇ 1 ਲੱਖ ਰੁਪਏ ਹੋ ਗਿਆ ਹੈ ਤੇ ਕੁੱਲ 250 ਗੁਣਾ ਕਰਜ਼ਾ ਵਧਿਆ ਹੈ। ਇਸੇ ਤਰੀਕੇ ਵਿਸ਼ਵ ਦੀ ਅਸਮਾਨਤਾ ਰਿਪੋਰਟ ਵਿਚ ਦੱਸਿਆਗਿਆ  ਹੈ ਕਿ ਕਿਵੇਂ ਕੁੱਲ ਕੌਮੀ ਆਮਦਨ ਵਿਚੋਂ 57 ਫੀਸਦੀ ’ਤੇ ਦੇਸ਼ ਦੇ 10 ਫੀਸਦੀ ਲੋਕਾਂ ਦਾ ਕੰਟਰੋਲ ਹੈ ਤੇ ਸਮਾਜ ਦੇ 50 ਫੀਸਦੀ ਲੋਕਾਂ ਨੂੰ ਕੌਮੀ ਆਮਦਨ ਵਿਚੋਂ ਸਿਰਫ 13 ਫੀਸਦੀਹਿੱਸਾ  ਮਿਲਦਾ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਿੱਖ ਕੌਮ ਨਾਲ ਵਿਤਕਰਾ ਕਰ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜ਼ਬਰ ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਬਿਲਕਿਸ ਬਾਨੋ ਨਾਲ ਜਬਰ ਜਨਾਹ ਕਰਨ ਵਾਲਿਆਂ ਦੀ ਸਜ਼ਾ ਮੁਆਫ ਕਰ ਦਿੱਤੀਗਈ  ਪਰ ਬੰਦੀ ਸਿੰਘ ਜਿਹਨਾਂ ਨੇ ਪਿਛਲੇ 30 ਸਾਲਾਂ ਵਿਚ ਉਮਰ ਕੈਦ ਨਾਲੋਂ ਦੁੱਗਣੀ ਸਜ਼ਾ ਕੱਟ ਲਈ ਹੈ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।

ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਕਿ ਜਦੋਂ ਕੇਂਦਰ ਸਰਕਾਰ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਪਵਿੱਤਰ ਵਾਅਦਾ ਕੀਤਾ ਸੀ ਕਿ ਸਾਰੇ ਬੰਦੀ ਸਿੰਘ ਰਿਹਾਅ ਕਰ ਦਿੱਤੇ ਜਾਣਗੇ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ, ਜਿਹਨਾਂ ਨਾਲ ਹਮੇਸ਼ਾ ਕਾਂਗਰਸ ਨੇ ਵਿਤਕਰਾ ਕੀਤਾ ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤੇ 1984 ਦਾ ਸਿੱਖ ਕਤਲੇਆਮ ਕਰਵਾਇਆ, ਹੁਣ ਭਾਜਪਾ ਸਰਕਾਰ ਵਿਚ ਆਪਣੀਆਂ ਧਾਰਮਿਕ ਸੰਸਥਾਵਾਂ ’ਤੇ ਹਮਲੇ ਹੁੰਦੇ ਵੇਖ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਹਰਿਆਦਾ ਵਿਚਲੇ ਗੁਰਦੁਆਰਾ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਹੇਠਾਂ ਕੱਢਣ ਵਾਸਤੇ ਵੱਖਰੀ ਪ੍ਰਬੰਧਕ ਕਮੇਟੀ ਬਣਾਈ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਸਾਹਿਬਜ਼ਾਦਿਆਂ ਦੇ ਨਾਂ ’ਤੇ ਵੀਰ ਬਾਲ ਦਿਵਸ ਮਨਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਹੈ ਜਦੋਂ ਕਿ ਇਸ ਦਿਨ ਦਾ ਨਾਂ ਸਾਹਿਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਸੀ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਝਾਅ ਦਿੱਤਾ ਹੈ।

ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਐਨ ਸੀ ਆਰ ਬੀ ਦੇ ਅੰਕੜਿਆਂ ਮੁਤਾਬਕ ਇਸ ਸਰਕਾਰ ਦੌਰਾਨ ਅਪਰਾਧ ਵਿਚ 26 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ ਤੇ ਔਰਤਾਂ ਤੇ ਬੱਚਿਆਂ ਖਿਲਾਫ ਅਪਰਾਧ ਵਿਚ ਤਿੱਖਾ ਵਾਧਾ ਹੋਇਆ ਹੈ।

Related Post