ਪੰਜਾਬ BJP ਚ ਚਰਨਜੀਤ ਬਰਾੜ ਸਮੇਤ 4 ਨਵੇਂ ਚਿਹਰੇ ਹੋਏ ਸ਼ਾਮਲ, ਹਰਿਆਣਾ CM ਨਾਇਬ ਸਿੰਘ ਸੈਣੀ ਨੇ ਕਰਵਾਈ ਸ਼ਮੂਲੀਅਤ
Punjab BJP News : ਭਾਜਪਾ 'ਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ 'ਚ ਚਰਨਜੀਤ ਸਿੰਘ ਬਰਾੜ, CM ਮਾਨ ਦੇ ਸਾਬਕਾ OSD ਓਂਕਾਰ ਸਿੰਘ, ਰਿਪਜੀਤ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਜਗਮੀਤ ਬਰਾੜ ਸ਼ਾਮਲ ਹਨ।
BJP Punjab : ਪੰਜਾਬ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ 4 ਵੱਡੇ ਚਿਹਰਿਆਂ ਨੇ ਪਾਰਟੀ 'ਚ ਸ਼ਮੂਲੀਅਤ ਕਰ ਲਈ। ਇਨ੍ਹਾਂ ਚਾਰੇ ਆਗੂਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਪਾਰਟੀ ਵਿੱਚ ਸਵਾਗਤ ਕੀਤਾ। ਭਾਜਪਾ 'ਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ 'ਚ ਚਰਨਜੀਤ ਸਿੰਘ ਬਰਾੜ, CM ਮਾਨ ਦੇ ਸਾਬਕਾ OSD ਓਂਕਾਰ ਸਿੰਘ, ਰਿਪਜੀਤ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਜਗਮੀਤ ਬਰਾੜ ਸ਼ਾਮਲ ਹਨ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil jakhar) ਅਤੇ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। ਦੱਸ ਦਈਏ ਕਿ ਸਾਬਕਾ ਵਿਧਾਇਕ ਰਿਪਜੀਤ ਬਰਾੜ, ਸਾਬਕਾ ਸਾਂਸਦ ਜਗਮੀਤ ਬਰਾੜ ਦੇ ਹੀ ਭਰਾ ਹਨ। ਜਗਮੀਤ ਬਰਾੜ ਨੇ 2022 ਦੀਆਂ ਚੋਣਾਂ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਵੱਲੋਂ ਲੜੀਆਂ ਸਨ। ਜਦਕਿ ਰਿਪਜੀਤ ਬਰਾੜ ਕੋਟਕਪੂਰਾ ਤੋਂ 2007 ਵਿੱਚ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਸਨ।
ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਚਰਨਜੀਤ ਬਰਾੜ ਨੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ ਦਿੱਤਾ ਸੀ। ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਜੁਲਾਈ 2024 ਵਿੱਚ ਪਾਰਟੀ ਨੇ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਬਾਹਰ ਕਰ ਦਿੱਤਾ ਸੀ।
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਪਰਿਵਾਰ ਦਾ ਵਿਸਥਾਰ ਹੋਇਆ ਹੈ, ਜੋ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ, ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਦੇ ਬਦਲਦੇ ਹਾਲਾਤਾਂ ਨੂੰ ਦਰਸਾਉਂਦਾ ਹੈ। ਜੇਕਰ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਹੈ ਤਾਂ ਉਹ ਭਾਜਪਾ ਵੱਲ ਦੇਖ ਰਹੇ ਹਨ। ਇਹ ਲੋਕਾਂ ਦੀ ਆਵਾਜ਼ ਹੈ ਕਿ ਪ੍ਰਮੁੱਖ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।