ਮੁਲਾਜ਼ਮ ਪੱਕੇ ਕਰਨ ਲਈ ਕਾਨੂੰਨੀ ਅੜਚਨਾਂ ਦੂਰ ਕਰ ਰਹੀ ਸਰਕਾਰ- ਸੀਐੱਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਟਿਆਲਾ ਵਿਖੇ ਕਰੋੜਾਂ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਦਾ ਜਾਇਜ਼ਾ ਲਿਆ।

By  Aarti January 20th 2023 03:39 PM

ਗਗਨਦੀਪ ਅਹੁਜਾ (ਪਟਿਆਲਾ, 20 ਜਨਵਰੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਟਿਆਲਾ ਵਿਖੇ ਕਰੋੜਾਂ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਦਾ ਜਾਇਜ਼ਾ ਲਿਆ। ਨਾਲ ਹੀ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕੰਮ ਚ ਤੇਜ਼ੀ ਲਿਆਉਣ ਲਈ ਵੀ ਆਖਿਆ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ 1 ਅਪ੍ਰੈਲ ਤੱਕ ਕੰਮ ਮੁਕੰਮਲ ਕਰਨ ਦੀ ਹਿਦਾਇਤ ਦਿੱਤੀ ਹੈ ਤਾਂ ਜੋ ਬੱਸ ਸਟੈਂਡ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ। 

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨਾਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਧਰਨਿਆਂ ਨੂੰ ਖ਼ਤਮ ਕਰਕੇ ਆਪਣੇ ਘਰਾਂ ਨੂੰ ਚੱਲੇ ਜਾਣ ਸਭ ਦੀ ਵਾਰੀ ਆਵੇਗੀ। ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਕੰਮ ਲਗਾਤਾਰ ਕਰ ਰਹੀ ਹੈ। ਇਸ ਲਈ ਜਿਹੜੇ ਕਿਤੇ ਵੀ ਧਰਨੇ ’ਤੇ ਬੈਠੇ ਹਨ ਉਹ ਧਰਨੇ ਖ਼ਤਮ ਕਰਕੇ ਆਪੋ ਆਪਣੇ ਘਰ ਜਾ ਕੇ ਪਰਿਵਾਰਾਂ ਵਿਚ ਬੈਠਣ, ਸਰਕਾਰੀ ਮੁਲਾਜਮਾਂ ਨੂੰ ਪੱਕਾ ਕਰਨ ਲਈ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ਚ ਲਗੀ ਹੋਈ ਹੈ ਤੇ ਸਭ ਦੀ ਵਾਰੀ ਜ਼ਰੂਰ ਆਵੇਗੀ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲਦ ਪੰਜਾਬ ਵਿੱਚ ਵੱਡੇ ਉਦਯੋਗ ਸਥਾਪਿਤ ਹੋਣਗੇ, ਪ੍ਰਦੂਸ਼ਣ ਰਹਿਤ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਉਦਯੋਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਲਗਾਤਾਰ ਜਾਰੀ ਹਨ, ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ।

ਕੇਂਦਰੀ ਏਜੇਂਸੀ ਵਲੋਂ ਕਰਵਾਏ ਗਏ ਸਰਵੇ ਕਿ ਤੀਜੀ ਜਮਾਤ ਦੇ 33 ਫ਼ੀਸਦੀ ਬੱਚੇ ਪੰਜਾਬੀ ਨਹੀਂ ਪੜ ਸਕਦੇਂ ਬਾਰੇ ਉਨ੍ਹਾਂ ਕਿਹਾ ਕਿ 21 ਫਰਵਰੀ ਤੋਂ ਪੰਜਾਬੀ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਦਫਤਰਾਂ ਦੇ ਨਾਲ ਸੂਬੇ ਦੇ ਬਜ਼ਾਰਾਂ ਵਿਚ ਵੀ ਪੰਜਾਬੀ ਭਾਸ਼ਾ ਵਾਲੇ ਬੋਰਡ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿਚ ਰਹਿ ਕਿ ਮਹਿਲ ਤਾਂ ਰੰਗ ਰੋਗਨ ਕਰਵਾ ਲਏ ਪਰ ਸ਼ਹਿਰ ਦੀ ਸਾਰ ਨਹੀਂ ਲਈ। ਪਟਿਆਲਾ ਵਿੱਚ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਸੀਵਰੇਜ ਸਮੱਸਿਆ ਗੰਭੀਰ ਹੈ ਪਰ ਹੁਣ ਪੰਜਾਬ ਸਰਕਾਰ ਵਲੋ 12 ਕਰੋੜ ਦੀ ਲਾਗਤ ਨਾਲ ਸੜਕਾਂ, 8 ਕਰੋੜ ਦੀ ਲਾਗਤ ਨਾਲ ਸਟੇਟ ਲਾਇਬ੍ਰੇਰੀ ਦੀ ਨੁਹਾਰ ਬਦਲੀ ਜਾਵੇਗੀ। 

ਨਵਾਂ ਬਸ ਸਟੈਂਡ ਬਣ ਕੇ ਲਗਭਗ ਤਿਆਰ ਹੈ ਤੇ ਅਪ੍ਰੈਲ ਚ ਇਸਦਾ ਉਦਘਾਟਨ ਕੀਤਾ ਜਾਵੇਗਾ। ਪੁਰਾਣੇ ਬੱਸ ਸਟੈਂਡ ਨੂੰ ਸ਼ਹਿਰੀ ਸਟੈਂਡ ਵਜੋਂ ਵਰਤਿਆ ਜਾਵੇਗਾ। ਰਾਜਿੰਦਰਾ ਝੀਲ ਦਾ ਵੀ ਨਵੀਨੀਕਰਨ ਹੋਵੇਗਾ ਜਿਸ ਵਿਚ ਕਿਸ਼ਤੀਆਂ ਚਲਾਈਆਂ ਜਾਣਗੀਆਂ।

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਲੋਕ ਨਵੇਂ ਤੇ ਮਿਹਨਤੀ ਉਮੀਦਵਾਰਾਂ ਨੂੰ ਜਤਾਉਣਗੇ, ਇਸ ਤੋਂ ਬਾਅਦ ਲੋਕ ਨਵੀਆਂ ਤੋਂ ਕੰਮ ਲੈਣਗੇ ਤੇ ਪੁਰਾਣੀਆਂ ਤੋਂ ਹਿਸਾਬ ਵੀ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਉਦਯੋਗਾਂ ਤੇ ਹਾਊਸਿੰਗ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ਕਰੇਗਾ ‘ਕੋਰ ਗਰੁੱਪ’ ਦਾ ਗਠਨ: ਅਮਨ ਅਰੋੜਾ

Related Post