ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਭਾਜਪਾ 'ਚ ਕਾਟੋ ਕਲੇਸ਼

By  Pardeep Singh January 16th 2023 02:52 PM

ਪਟਿਆਲਾ: ਪਟਿਆਲਾ ਵਿੱਚ ਭਾਜਪਾ ਦੇ ਟਕਸਾਲੀ ਵਰਕਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਮੋਤੀ ਮਹਿਲ ਉੱਤੇ ਤੰਜ ਕੱਸਿਆ ਹੈ। ਭਾਜਪਾ ਦੇ ਸੀਨੀਅਰ ਆਗੂ ਨੀਰਜ ਕੌੜਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ 'ਹਮ ਕੋ ਆਪਣੀ ਅਨਾ ਅੱਜ ਭੀ ਹੈ ਪਿਆਰੀ, ਤੁਮ੍ਹੇ ਮੁਬਾਰਕ ਮਹਿਲੋਂ ਕੀ ਖਿਦਮਤਦਰੀ'। ਹੁਣ ਇਨ੍ਹਾਂ ਲਾਈਨਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਟਿਆਲਾ ਦੇ ਪੁਰਾਣੇ ਭਾਜਪਾ ਵਰਕਰ ਮੋਤੀ ਮਹਿਲ ਦੀ ਸਿਆਸਤ ਖਿਲਾਫ਼ ਭੜਕ ਉੱਠੇ ਹਨ।

ਸ਼ਾਇਰਾਨਾ ਅੰਦਾਜ਼ ਵਿੱਚ ਆਪਣੀਆਂ ਭਾਵਨਾਵਾਂ ਲਿਖਣ ਵਾਲੇ ਭਾਜਪਾ  ਆਗੂ ਨੀਰਜ ਕੌੜਾ ਨੇ ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਹੁਣ ਸਬਰ ਦਾ ਅੰਤ ਹੋ ਗਿਆ ਹੈ ਅਤੇ ਆਪਣੀ ਸੋਚ ਨੂੰ ਉਕਤ ਸਤਰਾਂ ਰਾਹੀਂ ਪੇਸ਼ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਪਰਿਵਾਰਵਾਦ ਦੇ ਖਿਲਾਫ਼ ਰਹੀ ਹੈ ਪਰ ਹੁਣ ਪਾਰਟੀ ਵਿੱਚ ਨਵੇਂ ਚਿਹਰੇ ਆਏ ਹਨ ਅਤੇ ਉਹ ਪਰਿਵਾਰਵਾਦ ਦੇ ਹਮਾਇਤੀ ਹਨ ਅਤੇ ਉਨ੍ਹਾਂ ਦੀ ਮਰਜ਼ੀ ਨਾਲ ਸਭ ਕੁਝ ਹੋ ਰਿਹਾ ਹੈ।

ਭਾਜਪਾ ਆਗੂ ਨੀਰਜ ਕੌੜਾ ਦਾ ਕਹਿਣਾ ਹੈ ਕਿ ਪਾਰਟੀ ਪੁਰਾਣੇ ਵਰਕਰਾਂ ਨੂੰ ਅਣਦੇਖਾ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਹਰ ਵਰਕਰ ਦੇਸ਼ ਦੇ ਨਿਰਮਾਣ ਲਈ ਕੰਮ ਕਰਦਾ ਹੈ ਪਰ ਕੁਝ ਲੋਕ ਇਸ ਧਾਰਾ ਨੂੰ ਤੋੜਨਾ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਦੇ ਪੁਰਾਣੇ ਵਰਕਰ ਨਿਰਾਸ਼ ਹੋ ਗਏ ਹਨ । ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮਹਿਲਾਂ ਵਾਲੇ ਸਾਡੀ ਕੋਈ ਸੁਣਵਾਈ ਨਹੀ ਕਰਦੇ। ਉਥੇ ਹੀ ਮੌਜੂਦਾ ਮੀਤ ਪ੍ਰਧਾਨ ਵਰੁਣ ਜਿੰਦਲ ਨੇ ਪਾਰਟੀ ਨੂੰ ਪਰਿਵਾਰਵਾਦ ਉਤਸ਼ਾਹਿਤ ਨਾ ਕਰ ਦੀ ਗੁਹਾਰ ਲਗਾਈ ਹੈ। ਉਥੇ ਹੀ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਨਈਅਰ ਨੇ ਕਿਹਾ ਹੈ ਕਿ ਮੋਤੀ ਮਹਿਲ ਪੱਖੀ ਪ੍ਰਧਾਨ ਸਾਨੂੰ ਸਵੀਕਾਰ ਨਹੀ ਹੈ।

ਭਾਜਪਾ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਪਟਿਆਲਾ ਕਾਰਪੋਰੇਸ਼ਨ ਵਿੱਚ 100 ਕਰੋੜ ਦਾ ਘਪਲਾ ਹੋਇਆ ਹੈ ਅਤੇ ਇਸ ਦੀ ਜਾਂਚ ਕਿਉਂ ਨਹੀਂ ਕਰਦੇ।

ਰਿਪੋਰਟ- ਗਗਨਦੀਪ ਅਹੂਜਾ 


Related Post