CM ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੀਤਾ ਚੈਲੰਜ

ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਲੀਵੁੱਡ ਸਟਾਰ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਤੋਂ ਬਾਅਦ ਮੁਲਾਕਾਤ ਕਰਨ ਪਹੁੰਚੇ ਸਨ। ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਸਲਮਾਨ ਖਾਨ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

By  KRISHAN KUMAR SHARMA April 16th 2024 07:41 PM

CM Eknath Shinde Meet Salman Khan Family: ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਮੰਗਲਵਾਰ ਨੂੰ ਸਲਮਾਨ ਖਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਮੁੱਖ ਮੰਤਰੀ ਨੇ ਬਾਲੀਵੁੱਡ ਸਟਾਰ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਤੋਂ ਬਾਅਦ ਮੁਲਾਕਾਤ ਕਰਨ ਪਹੁੰਚੇ ਸਨ। ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਸਲਮਾਨ ਖਾਨ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਸੀਐਮ ਨੇ ਕਿਹਾ, 'ਅਸੀਂ ਗੈਂਗਸਟਰਾਂ ਨੂੰ ਉਖਾੜ ਸੁੱਟਾਂਗੇ। ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿੱਟੀ 'ਚ ਮਿਲਾ ਦੇਵਾਂਗੇ।''

ਦੂਜੇ ਪਾਸੇ ਮੁੰਬਈ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਨੂੰ 25 ਅਪ੍ਰੈਲ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। ਐਤਵਾਰ ਸਵੇਰੇ ਬਾਂਦਰਾ ਇਲਾਕੇ 'ਚ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਦੋਵੇਂ ਵਾਸੀ ਬਿਹਾਰ ਫਰਾਰ ਹੋ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮਾਤਾ ਨੋ ਮਧ ਪਿੰਡ ਤੋਂ ਫੜਿਆ ਗਿਆ। ਦੋਵਾਂ ਵਿਅਕਤੀਆਂ ਨੂੰ ਮੁੰਬਈ ਲਿਆਂਦਾ ਗਿਆ ਅਤੇ ਮੰਗਲਵਾਰ ਨੂੰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ।

ਸੀਐੱਮ ਏਕਨਾਥ ਸ਼ਿੰਦੇ ਨੇ ਕਿਹਾ, "ਮੈਂ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਮੈਂ ਪੁਲਿਸ ਟੀਮ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਅਤੇ ਇਸ 'ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ... ਇਹ ਮਹਾਰਾਸ਼ਟਰ ਹੈ, ਇੱਥੇ ਕੋਈ ਗੈਂਗ ਨਹੀਂ ਬਚਿਆ ਹੈ... ਅਸੀਂ ਸਾਰੇ ਗੈਂਗ ਅਤੇ ਗੁੰਡਿਆਂ ਨੂੰ ਉਖਾੜ ਸੁੱਟਾਂਗੇ... ਇੱਥੇ ਗੁੰਡਾਗਰਦੀ ਜਾਰੀ ਨਹੀਂ ਰਹਿਣ ਦਿੱਤੀ ਜਾਵੇਗੀ... ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। .. ਸਖ਼ਤ ਕਾਰਵਾਈ ਕੀਤੀ ਜਾਵੇਗੀ, ਮੈਂ ਪੁਲਿਸ ਕਮਿਸ਼ਨਰ ਨੂੰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ... ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਲੋਕਾਂ ਦਾ ਖਿਆਲ ਰੱਖੀਏ... ਜੋ ਹੋਇਆ ਉਸ 'ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਿਛਲੀ ਸਰਕਾਰ ਵਿੱਚ, ਪਰ ਅਸੀਂ ਉਨ੍ਹਾਂ ਸਾਰੇ ਗਰੋਹਾਂ ਅਤੇ ਗੁੰਡਿਆਂ ਨੂੰ ਉਖਾੜ ਸੁੱਟਾਂਗੇ ਜੋ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ..."

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਦੋਵੇਂ ਦੋਸ਼ੀਆਂ ਨੇ ਇੱਥੇ ਬਾਂਦਰਾ ਇਲਾਕੇ 'ਚ ਅਭਿਨੇਤਾ ਦੇ ਘਰ ਦੇ ਆਲੇ-ਦੁਆਲੇ ਤਿੰਨ ਵਾਰ 'ਰੇਕੀ' ਕੀਤੀ ਸੀ। ਐਤਵਾਰ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੁੰਬਈ ਦੇ ਬਾਂਦਰਾ ਇਲਾਕੇ 'ਚ ਗਲੈਕਸੀ ਅਪਾਰਟਮੈਂਟ 'ਚ 58 ਸਾਲਾ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ।

Related Post