Blast ’ਤੇ CM ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਵੱਖਰੇ-ਵੱਖਰੇ ਬਿਆਨ; CM ਦਾ ਬੀਜੇਪੀ ’ਤੇ ਇਲਜ਼ਾਮ, ਡੀਜੀਪੀ ਬੋਲੇ ISI ਦਾ ਹੱਥ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਅਤੇ ਅੰਮ੍ਰਿਤਸਰ ਧਮਾਕਿਆਂ ਨੂੰ ਚੋਣ ਰਾਜਨੀਤੀ ਨਾਲ ਜੋੜਿਆ ਹੈ। ਦੂਜੇ ਪਾਸੇ ਐਨਆਈਏ ਅਤੇ ਪੰਜਾਬ ਪੁਲਿਸ ਨੇ ਬੀਐਸਐਫ ਅਤੇ ਫੌਜ ਦੇ ਟਿਕਾਣਿਆਂ ਨੇੜੇ ਹੋਏ ਧਮਾਕਿਆਂ ਦੀ ਜਾਂਚ ਤੇਜ਼ ਕਰ ਦਿੱਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੰਮ੍ਰਿਤਸਰ ਅਤੇ ਜਲੰਧਰ ’ਚ ਹੋਏ ਧਮਾਕਿਆਂ ਨੂੰ ਚੋਣ ਰਣਨੀਤੀ ਨਾਲ ਜੋੜ ਦਿੱਤਾ ਹੈ, ਸੀਐੱਮ ਮਾਨ ਦੇ ਇਸ ਬਿਆਨ ਨੇ ਸਿਆਸੀ ਗਲਿਆਰੇ ਨੂੰ ਭਖਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਧਮਾਕਿਆਂ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਬੂਤ ਪੇਸ਼ ਕੀਤੇ ਬਿਨਾਂ ਹੀ ਭਾਜਪਾ ’ਤੇ ਚੋਣਾਂ ਤੋਂ ਪਹਿਲਾਂ ਵੋਟਰਾਂ ’ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਜਾਬ ’ਚ ਜੋ ਵੀ ਧਮਾਕੇ ਹੋਏ ਉਨ੍ਹਾਂ ਦੇ ਪਿੱਛੇ ਬੀਜੇਪੀ ਦਾ ਹੱਥ ਹੈ। ਬੀਜੇਪੀ ਪੰਜਾਬ ’ਚ ਛੋਟੇ ਮੋਟੇ ਧਮਾਕੇ ਕਰਵਾ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਇਹ ਭਾਜਪਾ ਦੀ ਪੰਜਾਬ ’ਚ ਚੋਣ ਦੀ ਤਿਆਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਅਤੇ ਹਿੰਸਾ ਫੈਲਾਅ ਕੇ ਭਾਜਪਾ ਵੋਟਾਂ ਹਾਸਿਲ ਕਰਨਾ ਚਾਹੁੰਦੀ ਹੈ। ਭਾਜਪਾ ਆਪਣੀ ਇੰਨ੍ਹਾਂ ਹਰਕਤਾਂ ਤੋਂ ਬਾਜ ਆ ਜਾਵੇ।
ਦੂਜੇ ਪਾਸੇ ਪੰਜਾਬ ਡੀਜੀਪੀ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੰਨ੍ਹਾਂ ਧਮਾਕਿਆਂ ਦੇ ਪਿੱਛੇ ਆਈਐਸਆਈ ਦਾ ਹੱਥ ਦੱਸਿਆ ਹੈ। ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਅਤੇ ਜਲੰਧਰ ਧਮਾਕਿਆਂ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪੁਲਿਸ ਨੇ ਕਈ ਮਹੱਤਵਪੂਰਨ ਸੁਰਾਗ ਲੱਭੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਨਾਲ ਜੁੜੇ ਅਤੇ ਖਾਲਿਸਤਾਨ ਪੱਖੀ ਤੱਤਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਮੰਗਲਵਾਰ ਸ਼ਾਮ ਨੂੰ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਸਾਹਮਣੇ ਇੱਕ ਧਮਾਕਾ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੰਮ੍ਰਿਤਸਰ ਵਿੱਚ ਵੀ ਰਾਤ 11 ਵਜੇ ਦੇ ਕਰੀਬ ਖਾਸਾ ਵਿੱਚ ਇੱਕ ਫੌਜੀ ਕੈਂਪ ਦੇ ਸਾਹਮਣੇ ਇੱਕ ਧਮਾਕਾ ਹੋਇਆ।
ਇਹ ਵੀ ਪੜ੍ਹੋ : Punjab ’ਚ ਧਮਾਕਿਆਂ ਦਾ ਆਪਰੇਸ਼ਨ ਸਿੰਦੂਰ ਕੁਨੇਕਸ਼ਨ ! DGP ਗੌਰਵ ਯਾਦਵ ਦੇ ਖੁਲਾਸੇ ਨਾਲ ਮਚਿਆ ਹੜਕੰਪ