ਸਰਬੱਤ ਸੇਵਾ ਸਭਾ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ 22ਵੇਂ ਪ੍ਰਕਾਸ਼ ਪੁਰਬ ਸਮਾਗਮ ਦੀ ਸੰਪੂਰਨਤਾ

By  Jasmeet Singh December 3rd 2023 02:51 PM -- Updated: December 3rd 2023 04:46 PM

ਚੰਡੀਗੜ੍ਹ: ਸਿਟੀ ਬਿਊਟੀਫੁਲ ਦੇ ਸੈਕਟਰ 38 ਵੈਸਟ ਤੋਂ ਸਰਬੱਤ ਸੇਵਾ ਸਭਾ (ਰਜੀ.) ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸਮਰਪਿਤ 22ਵਾਂ ਸਾਲਾਨਾ ਪ੍ਰਕਸ਼ ਪੁਰਬ ਬੜੀ ਹੀ ਚੜ੍ਹਦੀਕਲਾ ਨਾਲ ਸੰਪੂਰਨ ਹੋਇਆ। 

ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 3 ਦਸੰਬਰ 2023 ਦਿਨ ਐਤਵਾਰ ਨੂੰ ਐੱਮ.ਆਈ.ਜੀ/ਐੱਲ.ਆਈ.ਜੀ ਤਿਕੋਣਾ ਪਾਰਕ ਵਿੱਚ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਪ੍ਰੇਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸੈਕਟਰ 38 ਵੈਸਟ ਦੇ ਨਾਲ ਨਾਲ ਹੋਰਨਾਂ ਸੈਕਟਰਾਂ ਤੋਂ ਆਈਆਂ ਸੰਗਤਾਂ ਨੇ ਵੀ ਹਾਜ਼ਰੀ ਭਰੀ।

ਵੱਡੀ ਗਿਣਤੀ 'ਚ ਪਹੁੰਚੀ ਸੰਗਤ

ਇਸ ਤੋਂ ਪਹਿਲਾਂ 1 ਦਸੰਬਰ 2023 ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ 'ਚ ਸੈਕਟਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਤਿਕੋਣਾ ਪਾਰਕ ਪਹੁੰਚਿਆ। ਜਿੱਥੇ ਪਹੁੰਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਖੁੱਲ੍ਹੇ ਪੰਡਾਲਾਂ 'ਚ ਬਿਰਾਜਮਾਨ ਹੋਣ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ। ਇਹ ਅਖੰਡ ਪਾਠ ਸਾਹਿਬ ਸੈਕਟਰ 38-ਬੀ ਸਥਿਤ ਗੁਰਦੁਆਰਾ ਸ਼ਾਹਪੁਰ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ, ਬਨਾਰਸ ਵਾਲਿਆਂ ਵੱਲੋਂ ਰਸ ਭਿਨਾ ਕੀਰਤਨ ਕੀਤਾ ਗਿਆ। 

ਸੁਖਮਨੀ ਸਾਹਿਬ ਇਸਤਰੀ ਸਤਸੰਗ ਸਭਾ ਦਾ ਜੱਥਾ

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 3 ਦਸੰਬਰ 2023 ਨੂੰ ਪਾਏ ਗਏ ਅਤੇ ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰਕੇ ਸਤਿਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੈਕਟਰ ਦੇ ਹੀ ਸੁਖਮਨੀ ਸਾਹਿਬ ਇਸਤਰੀ ਸਤਸੰਗ ਸਭਾ ਦੇ ਜੱਥੇ ਵੱਲੋਂ ਕੀਰਤਨ ਆਰੰਭ ਕੀਤਾ ਗਿਆ। ਜਿਨ੍ਹਾਂ ਮਗਰੋਂ ਬੱਚੀਆਂ ਬੀਬਾ ਹਰਕੀਰਤ ਕੌਰ ਤੇ ਬੀਬਾ ਸਹਿਜਪ੍ਰੀਤ ਕੌਰ ਵੱਲੋਂ ਵੀ ਕੀਰਤਨ ਕੀਤਾ ਗਿਆ।

ਭਾਈ ਮਨਜਿੰਦਰ ਸਿੰਘ ਰਬਾਬੀ, ਹਜ਼ੂਰੀ ਰਾਗੀ ਨਾਡਾ ਸਾਹਿਬ ਵਾਲਿਆਂ ਵੱਲੋਂ ਕੀਰਤਨ
ਜਿਸ ਉਪਰੰਤ ਭਾਈ ਮਨਜਿੰਦਰ ਸਿੰਘ, ਹਜ਼ੂਰੀ ਰਾਗੀ ਨਾਡਾ ਸਾਹਿਬ, ਭਾਈ ਕਰਮਵੀਰ ਸਿੰਘ, ਹਜ਼ੂਰੀ ਰਾਗੀ ਫਤਹਿਗੜ੍ਹ ਸਾਹਿਬ ਅਤੇ ਭਾਈ ਅਬਨਾਸੀ ਸਿੰਘ ਪਾਰਸ, ਹਜ਼ੂਰੀ ਰਾਗੀ ਫਤਹਿਗੜ੍ਹ ਸਾਹਿਬ ਵਾਲਿਆਂ ਵੱਲੋਂ ਰਸ ਭਿਨੇ ਕੀਰਤਨ ਨਾਲ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਸ਼ਬਦ ਅਤੇ ਗੁਰੂ ਚਰਨਾਂ ਵਿੱਚ ਜੋੜਿਆ ਗਿਆ। 

ਅਟੁੱਟ ਵਰਤਿਆ ਗੁਰੂ ਕਾ ਲੰਗਰ

ਹਰ ਸਾਲ ਤਿੰਨ ਦਿਨ ਤੱਕ ਚਲਣ ਵਾਲੇ ਇਸ ਸਮਾਗਮ 'ਚ 24 ਘੰਟੇ ਚਾਹ, ਬਿਸਕੁਟਾਂ, ਪਕੌੜਿਆਂ ਅਤੇ ਹੋਰ ਪਦਾਰਥਾਂ ਦਾ ਲੰਗਰ ਚੱਲਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਡਾ ਪੰਡਾਲ ਲਗਾ ਕੇ ਅਟੁੱਟ ਗੁਰੂ ਕੇ ਲੰਗਰਾਂ ਦਾ ਪ੍ਰਭੰਧ ਚਲਾਇਆ ਗਿਆ। ਜਿੱਥੇ ਹਜ਼ਾਰਾਂ ਹੀ ਸੰਗਤਾਂ ਨੇ ਦਾਲ, ਸਬਜ਼ੀ, ਖੀਰ, ਸਲਾਦ ਅਤੇ ਪ੍ਰਸ਼ਾਦਿਆਂ ਦੇ ਲੰਗਰ ਦਾ ਆਨੰਦ ਮਾਣਿਆ।

ਤਿੰਨ ਦਿਨ ਤੱਕ ਚੱਲੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸਮਾਗਮ ਦਰਮਿਆਨ ਸ. ਸਤਵਿੰਦਰ ਸਿੰਘ ਨੇ ਸਟੇਜ ਸਕੱਤਰ, ਸ. ਨਰਿੰਦਰ ਸਿੰਘ ਨੇ ਨੌਜਵਾਨਾਂ ਦੇ ਸਹਿਯੋਗ ਨਾਲ ਲੰਗਰ ਪ੍ਰਬੰਧ ਅਤੇ ਪ੍ਰਧਾਨਗੀ ਮੰਡਲ ਤੋਂ ਸ. ਚਿਤਰੰਜਨ ਸਿੰਘ, ਸ. ਭਾਗ ਸਿੰਘ, ਸ. ਬਲਬੀਰ ਸਿੰਘ ਅਤੇ ਕਰਤਾਰ ਸਿੰਘ ਨੇ ਹੋਰਨਾਂ ਪ੍ਰਬੰਧਾਂ ਦੀ ਸੇਵਾ ਨਿਭਾਈ ਅਤੇ ਗੁਰੂ ਕਿਰਪਾ ਨਾਲ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ।    

ਪ੍ਰਧਾਨਗੀ ਮੰਡਲ ਤੋਂ ਸ. ਚਿਤਰੰਜਨ ਸਿੰਘ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਸਮੂਹ ਸੈਕਟਰ ਨਿਵਾਸੀਆਂ ਅਤੇ ਸੇਵਾ ਸੰਸਥਾ 'ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਅੱਗੇ ਵੀ ਅਜਿਹੇ ਧਾਰਮਿਕ ਸਮਾਗਮਾਂ ਨਾਲ ਸਾਰਿਆਂ ਨੂੰ ਗੁਰੂ ਚਰਨਾਂ ਨਾਲ ਜੁੜਨ ਦਾ ਮੌਕਾ ਮਿਲਦਾ ਰਹੇ।

Related Post