ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ MP Gurjit Aujla, ਅੰਮ੍ਰਿਤਸਰ ਲਈ ਐਲੀਵੇਟਿਡ ਕੋਰੀਡੋਰ ਦੀ ਕੀਤੀ ਮੰਗ

Elevated Corridor for Amritsar : ਔਜਲਾ ਨੇ ਕੇਂਦਰੀ ਮੰਤਰੀ ਕੋਲ ਮੰਗ ਰੱਖੀ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਨਾਲ ਹੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੂੰ ਤੁਰੰਤ ਫ਼ੀਜ਼ੀਬਿਲਟੀ ਸਟਡੀ ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ।

By  KRISHAN KUMAR SHARMA August 6th 2026 02:16 PM -- Updated: August 6th 2026 02:22 PM

Elevated Corridor for Amritsar : ਅੰਮ੍ਰਿਤਸਰ ਤੋਂ  ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀਰਵਾਰ ਨੂੰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚੋਂ ਇੱਕ ਐਲੀਵੇਟਿਡ ਕੋਰੀਡੋਰ ਦੇ ਨਿਰਮਾਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਡਕਰੀ ਨੂੰ ਅੰਮ੍ਰਿਤਸਰ ਵਿੱਚ ਲਗਾਤਾਰ ਵੱਧ ਰਹੇ ਟ੍ਰੈਫਿਕ ਦੇ ਦਬਾਅ, ਏਅਰਪੋਰਟ ਰੋਡ 'ਤੇ ਹਰ ਰੋਜ਼ ਲੱਗਣ ਵਾਲੇ ਜਾਮ ਅਤੇ ਆਉਣ ਵਾਲੇ ਸਮੇਂ ਵਿੱਚ ਟ੍ਰੈਫਿਕ ਸੰਬੰਧੀ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।

ਰਿਸ਼ਤਿਆਂ ਦੀ ਦਰਦਨਾਕ ਤਸਵੀਰ ! ਜਿਨ੍ਹਾਂ ਧੀਆਂ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਇਆ, ਪਿਓ ਦੇ ਅੰਤਿਮ ਸਸਕਾਰ 'ਤੇ ਵੀ ਨਾ ਪੁੱਜੀਆਂ

ਔਜਲਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਅੰਮ੍ਰਿਤਸਰ ਦੇਸ਼ ਦੇ ਪ੍ਰਮੁੱਖ ਅੰਤਰਰਾਸ਼ਟਰੀ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ, ਸੈਲਾਨੀ, ਕਾਰੋਬਾਰੀ ਅਤੇ ਦੇਸ਼-ਵਿਦੇਸ਼ ਤੋਂ ਯਾਤਰੀ ਪਹੁੰਚਦੇ ਹਨ। ਆਉਣ ਵਾਲੇ ਸਮੇਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇ ਦੇ ਪੂਰੀ ਤਰ੍ਹਾਂ ਚਾਲੂ ਹੋਣ ਅਤੇ ਪ੍ਰਸਤਾਵਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਸ਼ੁਰੂ ਹੋਣ ਨਾਲ ਇਸ ਮਾਰਗ 'ਤੇ ਵਾਹਨਾਂ ਦੀ ਗਿਣਤੀ ਕਈ ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਤੋਂ ਹੀ ਲੋੜੀਂਦੇ ਸੜਕੀ ਬੁਨਿਆਦੀ ਢਾਂਚੇ ਦਾ ਵਿਸਥਾਰ ਨਾ ਕੀਤਾ ਗਿਆ ਤਾਂ ਟ੍ਰੈਫਿਕ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।

ਐਲੀਵੇਟਿਡ ਕੋਰੀਡੋਰ ਬਣਾਉਣ ਦੀ ਰੱਖੀ ਮੰਗ

ਸੰਸਦ ਮੈਂਬਰ ਨੇ ਗਡਕਰੀ ਦੇ ਸਾਹਮਣੇ ਗੁਮਟਾਲਾ ਬਾਈਪਾਸ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਰਾਜਾਸਾਂਸੀ ਹੁੰਦੇ ਹੋਏ ਮੋਰਚਾ ਸਾਹਿਬ ਗੁਰਦੁਆਰਾ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇ ਦੇ ਰਾਊਂਡਅਬਾਊਟ ਤੱਕ ਐਲੀਵੇਟਿਡ ਕੋਰੀਡੋਰ ਬਣਾਉਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਏਅਰਪੋਰਟ, ਐਕਸਪ੍ਰੈੱਸਵੇ ਅਤੇ ਸ਼ਹਿਰ ਦੇ ਮੁੱਖ ਮਾਰਗਾਂ ਵਿਚਕਾਰ ਸਿਗਨਲ-ਫ੍ਰੀ ਕਨੈਕਟੀਵਿਟੀ ਯਕੀਨੀ ਬਣੇਗੀ, ਜਿਸ ਨਾਲ ਲੋਕਾਂ ਦਾ ਸਮਾਂ ਬਚੇਗਾ ਅਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ।

ਔਜਲਾ ਨੇ ਕੇਂਦਰੀ ਮੰਤਰੀ ਕੋਲ ਮੰਗ ਰੱਖੀ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਨਾਲ ਹੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੂੰ ਤੁਰੰਤ ਫ਼ੀਜ਼ੀਬਿਲਟੀ ਸਟਡੀ ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਔਜਲਾ ਨੇ ਇਹ ਵੀ ਮੰਗ ਕੀਤੀ ਕਿ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਮਹੱਤਤਾ ਵਾਲੇ ਉੱਚ ਤਰਜੀਹੀ ਬੁਨਿਆਦੀ ਢਾਂਚਾ ਪ੍ਰੋਜੈਕਟ ਦਾ ਦਰਜਾ ਦਿੱਤਾ ਜਾਵੇ, ਤਾਂ ਜੋ ਇਸ ਦੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ।

ਸੰਸਦ ਮੈਂਬਰ ਨੇ ਕਿਹਾ ਕਿ ਐਲੀਵੇਟਿਡ ਕੋਰੀਡੋਰ ਬਣਨ ਨਾਲ ਨਾ ਸਿਰਫ਼ ਅੰਮ੍ਰਿਤਸਰ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ, ਸਗੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇ ਅਤੇ ਪ੍ਰਸਤਾਵਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਤੱਕ ਨਿਰਵਿਘਨ ਅਤੇ ਤੇਜ਼ ਆਵਾਜਾਈ ਵੀ ਯਕੀਨੀ ਹੋਵੇਗੀ। ਇਸ ਨਾਲ ਸੈਰ-ਸਪਾਟਾ, ਵਪਾਰ ਅਤੇ ਧਾਰਮਿਕ ਗਤੀਵਿਧੀਆਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਅਤੇ ਅੰਮ੍ਰਿਤਸਰ ਦੇ ਸਮੁੱਚੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।

ਇਹ ਵੀ ਪੜ੍ਹੋ... gangster Atiq Ahmed Son dead : ਮਾਫੀਆ ਸ਼ਖਸੀਅਤ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਦੇਖੋ ਤਸਵੀਰਾਂ

Related Post