Sri Muktsar Sahib ਚ ਵੱਖ -ਵੱਖ ਵਿਭਾਗਾਂ ਦੇ ਕੱਚੇ ਕਰਮਚਾਰੀਆਂ ਨੇ MLA ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਤੱਕ ਕੀਤਾ ਰੋਸ ਮਾਰਚ

Sri Muktsar Sahib News : ਮੁਕਤਸਰ ਵਿੱਚ ਅੱਜ ਠੇਕਾ ਸੰਘਰਸ਼ ਮੋਰਚਾ ਦੇ ਬੈਨਰ ਹੇਠਾਂ ਵੱਖ -ਵੱਖ ਵਿਭਾਗਾਂ ਦੇ ਕੱਚੇ ਕਰਮਚਾਰੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ, ਜੋ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਰੋਜ਼ਾ ਹੜਤਾਲ ਦਾ ਹਿੱਸਾ ਸੀ। ਇਹ ਰੋਸ ਮਾਰਚ ਕੋਟਕਪੂਰਾ ਰੋਡ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਬਠਿੰਡਾ ਰੋਡ ਪਹੁੰਚਿਆ, ਜਿੱਥੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਕੋਲ ਮਾਰਚ ਸਮਾਪਤ ਹੋਇਆ

By  Shanker Badra December 4th 2025 02:16 PM

Sri Muktsar Sahib News : ਮੁਕਤਸਰ ਵਿੱਚ ਅੱਜ ਠੇਕਾ ਸੰਘਰਸ਼ ਮੋਰਚਾ ਦੇ ਬੈਨਰ ਹੇਠਾਂ ਵੱਖ -ਵੱਖ ਵਿਭਾਗਾਂ ਦੇ ਕੱਚੇ ਕਰਮਚਾਰੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ, ਜੋ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਰੋਜ਼ਾ ਹੜਤਾਲ ਦਾ ਹਿੱਸਾ ਸੀ। ਇਹ ਰੋਸ ਮਾਰਚ ਕੋਟਕਪੂਰਾ ਰੋਡ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਬਠਿੰਡਾ ਰੋਡ ਪਹੁੰਚਿਆ, ਜਿੱਥੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਕੋਲ ਮਾਰਚ ਸਮਾਪਤ ਹੋਇਆ। ਕਾਮਿਆਂ ਦਾ ਕਹਿਣਾ ਸੀ ਕਿ ਉਹ ਸਿਰਫ਼ ਮੰਗ ਪੱਤਰ ਸੌਂਪਣ ਲਈ ਆਏ ਸਨ ਪਰ ਪੁਲਿਸ ਨੇ ਘਰ ਤੋਂ ਪਹਿਲਾਂ ਹੀ ਬੈਰੀਗੇਟ ਲਾ ਕੇ ਉਹਨਾਂ ਨੂੰ ਰੋਕ ਦਿੱਤਾ, ਜਿਸ ਨੂੰ ਲੈ ਕੇ ਕਰਮਚਾਰੀਆਂ ਵਿੱਚ ਨਾਰਾਜ਼ਗੀ ਵੀ ਵੇਖਣ ਨੂੰ ਮਿਲੀ।

ਆਗੂਆਂ ਨੇ ਦਾਅਵਾ ਕੀਤਾ ਕਿ ਆਪ ਸਰਕਾਰ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਵਾਅਦੇ ਕੀਤੇ ਸਨ ਪਰ ਹੁਣ ਚਾਰ ਸਾਲ ਬੀਤ ਚੁੱਕੇ ਹਨ ਅਤੇ ਨਾ ਤਾਂ ਪੱਕੇ ਕਰਨ ਦੀ ਕੋਈ ਨੀਤੀ ਆਈ ਹੈ ਅਤੇ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਬਣਾਉਣ ਵਿੱਚ ਕੱਚੇ ਕਾਮਿਆਂ ਦਾ ਸਭ ਤੋਂ ਵੱਡਾ ਯੋਗਦਾਨ ਸੀ, ਪਰ ਉਸ ਤੋਂ ਬਾਅਦ ਉਹਨਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਕਾਮਿਆਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਹੁਣ ਉਹਨਾਂ ਤੋਂ ਕਿਹੜਾ ਡਰ ਲੱਗ ਰਿਹਾ ਹੈ, ਜੋ ਪੁਲਿਸ ਬੈਰੀਗੇਟ ਲਗਾ ਕੇ ਉਹਨਾਂ ਨੂੰ ਐਮਐਲਏ ਦੇ ਘਰ ਤੱਕ ਵੀ ਨਹੀਂ ਜਾਣ ਦੇ ਰਹੀ। ਰੋਸ ਮਾਰਚ ਦੌਰਾਨ ਕਾਮਿਆਂ ਨੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਹੋਰ ਬਕਾਇਆ ਮੰਗਾਂ ਸਬੰਧੀ ਮੰਗ ਪੱਤਰ ਐਮਐਲਏ ਨੂੰ ਭੇਜਿਆ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਉਹ ਪੂਰੀ ਤਾਕਤ ਨਾਲ ਸੱਤਾ ਵਿਰੁੱਧ ਮੁਹਿੰਮ ਚਲਾਉਣਗੇ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦਾ ਸਮਾਂ ਹੁਣ ਬਹੁਤ ਘੱਟ ਰਹਿ ਗਿਆ ਹੈ, ਪੱਕੇ ਕਰਨ ਦੀ ਉਮੀਦ ਤਾਂ ਬਹੁਤ ਹੀ ਘੱਟ ਹੈ, ਪਰ ਜੇਕਰ ਸਰਕਾਰ ਹੁਣ ਵੀ ਕਾਮਿਆਂ ਨੂੰ ਪੱਕਾ ਕਰਦੀ ਹੈ ਤਾਂ ਉਹਨਾਂ ਇਸ ਦਾ ਸਵਾਗਤ ਹੀ ਕਰਨਗੇ। 

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼ 

Related Post