ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ, ਕੇਂਦਰ ਸਰਕਾਰ ਵੱਲੋਂ ਕਈ ਪੋਸਟਾਂ ਤੇ ਵੀਡੀਜ਼ ਤੇ ਜਤਾਇਆ ਗਿਆ ਇਤਰਾਜ਼
Dal Khalsa Instagram account closed : ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਇਸ ਕਾਰਵਾਈ ਨੂੰ ਗੈਰ-ਲੋਕਤੰਤਰਿਕ ਕਰਾਰ ਦਿੰਦਿਆਂ ਕਿਹਾ ਕਿ ਇਹ ਕਦਮ ਸਿੱਧਾ ਸਿੱਧਾ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।
Dal Khalsa Instagram account closed : ਭਾਰਤ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਦਲ ਖਾਲਸਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸੰਗਠਨ ਵਿੱਚ ਚਰਚਾ ਅਤੇ ਪ੍ਰਤੀਕ੍ਰਿਆ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਇਸ ਕਾਰਵਾਈ ਨੂੰ ਗੈਰ-ਲੋਕਤੰਤਰਿਕ ਕਰਾਰ ਦਿੰਦਿਆਂ ਕਿਹਾ ਕਿ ਇਹ ਕਦਮ ਸਿੱਧਾ ਸਿੱਧਾ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜੂਨ 2025 ਵਿੱਚ ਉਨ੍ਹਾਂ ਦਾ ਇੱਕ ਹੋਰ ਸੋਸ਼ਲ ਮੀਡੀਆ ਪੇਜ ਬੰਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨਵਾਂ ਅਕਾਊਂਟ ਬਣਾਇਆ ਗਿਆ ਸੀ, ਪਰ ਹੁਣ ਉਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।
ਕੰਵਰਪਾਲ ਸਿੰਘ ਬਿੱਟੂ ਮੁਤਾਬਕ, ਇਸ ਕਾਰਵਾਈ ਦਾ ਕਾਰਨ ਕੁਝ ਖਾਸ ਪੋਸਟਾਂ ਬਣੀਆਂ ਹਨ, ਜਿਨ੍ਹਾਂ ‘ਤੇ ਸਰਕਾਰ ਵੱਲੋਂ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਦੱਸਿਆ ਕਿ 26 ਜਨਵਰੀ ਨਾਲ ਸੰਬੰਧਿਤ ਸਰਬੱਤ ਖਾਲਸਾ ਦੇ ਪ੍ਰੋਗਰਾਮਾਂ, ਅਕਾਲ ਤਖਤ ਸਾਹਿਬ ‘ਤੇ ਹੋਈ ਅਰਦਾਸ, ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਪੋਸਟਾਂ ‘ਤੇ ਐਤਰਾਜ਼ ਕੀਤਾ ਗਿਆ। ਇਸ ਤੋਂ ਇਲਾਵਾ, ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਚਲਾਈ ਗਈ ਮੁਹਿੰਮ, 14 ਮਾਰਚ ਨੂੰ ਗ੍ਰਹਿ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੁੱਛੇ ਗਏ ਸਵਾਲਾਂ ਅਤੇ 15 ਮਾਰਚ ਨੂੰ ਜਾਰੀ ਕੀਤੀਆਂ ਵੀਡੀਓਜ਼ ਤੇ ਵੀ ਰੋਕ ਲਗਾਈ ਗਈ।
ਉਨ੍ਹਾਂ ਇਹ ਵੀ ਕਿਹਾ ਕਿ 13 ਅਪ੍ਰੈਲ ਨੂੰ ਧਰਮਕੋਟ ਵਿੱਚ ਹੋਏ ਪ੍ਰੋਗਰਾਮ, ਜਿਸ ਵਿੱਚ ਖਾਲਸਾ ਰਾਜ ਦੇ ਸੰਕਲਪ ਅਤੇ ਖਾਲਿਸਤਾਨ ਦੀ ਲੋੜ 'ਤੇ ਚਰਚਾ ਕੀਤੀ ਗਈ ਸੀ, ਉਸ ਨਾਲ ਜੁੜੇ ਪੋਸਟਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਬਿੱਟੂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਪਹੁੰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਉਹ ਆਪਣੇ ਵਿਚਾਰ ਲੋਕਾਂ ਤੱਕ ਨਾ ਪਹੁੰਚਾ ਸਕਣ।
ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਅਕਾਊਂਟ ਬੰਦ ਕਰਨ ਦੀ ਗੱਲ ਨਹੀਂ, ਸਗੋਂ ਇਹ ਬੋਲਣ ਦੀ ਆਜ਼ਾਦੀ ‘ਤੇ ਹਮਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਵੀ ਦਲ ਖਾਲਸਾ ਦੀ ਪਹੁੰਚ ਲੋਕਾਂ ਵਿੱਚ ਵਧਦੀ ਹੈ, ਤਦੋਂ ਕਿਸੇ ਨਾ ਕਿਸੇ ਢੰਗ ਨਾਲ ਰੋਕ ਲਗਾਈ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਨਿੱਜੀ ਅਕਾਊਂਟ ਵੀ ਕਈ ਸਾਲਾਂ ਤੋਂ ਬੰਦ ਹੈ।
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਉਹ ਆਪਣੇ ਮਕਸਦ ਤੋਂ ਹਟਣ ਵਾਲੇ ਨਹੀਂ ਹਨ ਅਤੇ ਉਹ ਹੋਰ ਮਾਧਿਅਮਾਂ ਰਾਹੀਂ ਲੋਕਾਂ ਨਾਲ ਜੁੜੇ ਰਹਿਣਗੇ। ਉਨ੍ਹਾਂ ਇਸ ਕਾਰਵਾਈ ਨੂੰ ਸਰਕਾਰ ਦੀ ਕਮਜ਼ੋਰੀ ਅਤੇ ਡਰ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ।