ਚੰਡੀਗੜ੍ਹ ‘ਚ ਜਾਰੀ ਡੇਂਗੂ ਦਾ ਕਹਿਰ; ਮਰੀਜ਼ਾਂ ਦੀ ਗਿਣਤੀ 250 ਤੋਂ ਪਾਰ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

By  Shameela Khan October 30th 2023 03:06 PM

ਚੰਡੀਗੜ੍ਹ: ਚੰਡੀਗੜ੍ਹ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਸ਼ਹਿਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 250 ਤੋਂ ਉੱਪਰ ਪਹੁੰਚ ਗਈ ਹੈ। ਇਸ ਤੋਂ ਇਲਾਵਾ ਮੌਸਮ ‘ਚ ਬਦਲਾਅ ਕਾਰਨ ਲੋਕ ਵਾਇਰਲ ਇਨਫੈਕਸ਼ਨ ਦਾ ਵੀ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੀ.ਜੀ.ਆਈ, ਜੀ.ਐੱਮ.ਐੱਸ.ਐੱਚ-16 ਅਤੇ ਜੀ.ਐੱਮ.ਸੀ.ਐੱਚ-32 ਵਿੱਚ ਐਮਰਜੈਂਸੀ ਵਿੱਚ ਦੇਖੇ ਜਾ ਰਹੇ ਜ਼ਿਆਦਾਤਰ ਮਰੀਜ਼ ਡੇਂਗੂ ਅਤੇ ਵਾਇਰਲ ਨਾਲ ਪੀੜਿਤ ਹਨ।

ਸਿਹਤ ਵਿਭਾਗ ਦਾ ਮੰਨਣਾ ਹੈ ਕਿ ਬਦਲਦੇ ਮੌਸਮ ਕਾਰਨ ਲੋਕਾਂ ਵਿੱਚ ਵਾਇਰਸ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਸ ਦੇ ਲਈ ਲੋਕਾਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਧੋਣੇ ਚਾਹੀਦੇ ਹਨ। ਫਲਾਂ ਅਤੇ ਸਬਜ਼ੀਆਂ ਨੂੰ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਵਾਇਰਲ ਹੋ ਗਿਆ ਹੈ, ਤਾਂ ਉਸਨੂੰ ਜਨਤਕ ਸਥਾਨਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ਮੌਸਮ ਵਿੱਚ ਲੋਕਾਂ ਨੂੰ ਪੌਸ਼ਟਿਕ ਆਹਾਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਫੌਗਿੰਗ ਲਈ ਹੈਲਪਲਾਈਨ ਨੰਬਰ 7626002036 ਵੀ ਜਾਰੀ ਕੀਤਾ ਹੈ। ਜੇਕਰ ਕਿਸੇ ਇਲਾਕੇ ‘ਚ ਮੱਛਰਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੰਬਰ ‘ਤੇ ਕਾਲ ਕਰਕੇ ਆਪਣੇ ਇਲਾਕੇ ‘ਚ ਫੌਗਿੰਗ ਕਰਵਾ ਸਕਦੇ ਹੋ। ਸਾਰੇ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਦੀ ਵਿਵਸਥਾ ਹੈ। ਜੇਕਰ ਤੁਹਾਨੂੰ ਬੁਖ਼ਾਰ ਹੈ, ਤਾਂ ਤੁਹਾਨੂੰ ਹਸਪਤਾਲ ਜਾ ਕੇ ਡੇਂਗੂ ਦਾ ਟੈਸਟ ਕਰਵਾਉਣਾ ਚਾਹੀਦਾ ਹੈ।



Related Post