ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਨੇ ਸਾਂਝੇ ਕੀਤੇ ਵੇਰਵੇ; ਵਿਰੋਧੀਆਂ ਦੇ ਦੂਰ ਕੀਤੇ ਭੁਲੇਖੇ

ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਬਾਣੀ ਵੇਚਣ ਜਿਹੀ ਸ਼ਬਦਾਵਲੀ ਤੋਂ CM ਮਾਨ ਨੂੰ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ।

By  Jasmeet Singh May 23rd 2023 04:06 PM -- Updated: May 23rd 2023 04:12 PM

ਅੰਮ੍ਰਤਿਸਰ: SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਅੱਜ ਲਾਈਵ ਹੋ ਟੀਵੀ 'ਤੇ ਗੁਰਬਾਣੀ ਪ੍ਰਸਾਰਣ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਸਿੱਖ ਸੰਗਤ ਦੀ ਕਚਹਿਰੀ 'ਚ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੁਲਾਈ 1998 'ਚ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਸ਼ੁਰੂ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਇਸਦੇ ਹੱਕ ਪੰਜਾਬੀ ਵਰਲਡ ਟੀਵੀ ਨੂੰ ਦਿੱਤੇ ਗਏ ਸਨ। ਲਾਈਵ ਦੇ ਅਧਿਕਾਰ ਤਾਂ ਪੰਜਾਬੀ ਵਰਲਡ ਟੀਵੀ ਨੇ ਲੈ ਲਏ ਪਰ ਉਹ ਜ਼ਿੰਮੇਦਾਰੀ ਨਿਭਾਉਣ ਦੇ ਸਮਰਥ ਨਹੀਂ ਸਨ ਜਿਸਤੋਂ ਬਾਅਦ ਉਹ ਸਾਲ ਦੇ ਅੰਦਰ ਹੀ 1999 ਤੱਕ ਹੱਥ ਖੜੇ ਕਰ ਗਏ। 

ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸਤੋਂ ਬਾਅਦ ਖਾਲਸਾ ਵਰਲਡ ਟੀਵੀ ਨਾ ਸਮਝੌਤਾ ਕੀਤਾ ਗਿਆ। ਪਰ ਉਹ ਵੀ ਲਾਈਵ ਪ੍ਰਸਾਰਣ ਤੋਂ ਹੱਥ ਖੜੇ ਕਰ ਗਏ ਅਤੇ ਇਸ ਮਗਰੋਂ ਉਨ੍ਹਾਂ ਨਾਲ ਵੀ ਸਮਝੌਤਾ ਰੱਦ ਕਰ ਦਿੱਤਾ ਗਿਆ। 

SGPC ਪ੍ਰਧਾਨ ਨੇ ਅੱਗੇ ਦੱਸਿਆ ਕਿ ਸਤੰਬਰ 2000 'ਚ ETC ਨਾਲ ਸਮਝੌਤਾ ਹੋਇਆ ਕਿ ਸਾਲ ਦੇ 50 ਲੱਖ ਉਹ SGPC ਨੂੰ ਦੇਣਗੇ ਤੇ ਉਸ ਬਦਲੇ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਟੀਵੀ ਉੱਤੇ ਕਰਨਗੇ। ਪਰ ਪਿਛਲੀਆਂ ਦੋ ਕੰਪਨੀਆਂ ਵਾਂਗ ਹੀ ETC ਦੀ ਅਸਮਰੱਥਾ ਨੂੰ ਵੇਖਦਿਆਂ 2007 'ਚ ਇਹ ਇਕਰਾਰਨਾਮਾਂ G-Next Media Pvt Ltd ਨੂੰ ਤਬਦੀਲ ਕਰ ਦਿੱਤਾ ਗਿਆ। ਦੱਸ ਦੇਈਏ ਕਿ PTC Punjabi, G-Next Media Pvt Ltd ਅਧੀਨ ਆਉਂਦੀ ਹੈ।  

ਉਨ੍ਹਾਂ ਅੱਗੇ ਦੱਸਿਆ ਕਿ ਬਾਅਦ ਵਿੱਚ ਸਾਲ 2012 'ਚ PTC ਨਾਲ ਇੱਕ ਨਵਾਂ ਇਕਰਾਰਨਾਮਾਂ ਕੀਤਾ ਗਿਆ, ਜਿਸ ਅਧੀਨ 24 ਜੁਲਾਈ 2011 ਤੋਂ 24 ਜੁਲਾਈ 2023 ਤੱਕ, 11 ਸਾਲਾਂ ਲਈ ਗੁਰਬਾਣੀ ਦੇ ਪ੍ਰਸਾਰਣ ਦੇ ਹੱਕ PTC ਨੂੰ ਦੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਿੱਥੇ 2011 'ਚ ਇਸ ਲਈ PTC ਨੂੰ 1 ਕਰੋੜ ਦੇਣ ਦਾ ਇਕਰਾਰਨਾਮਾਂ ਹੋਇਆ ਉਥੇ ਹੀ ਇਸਤੇ ਹਰ ਸਾਲ 10% ਦੇ ਵਾਧੇ ਨਾਲ ਅੱਜ ਦੀ ਤਰੀਕ 'ਚ ਇਹ ਕੀਮਤ 2 ਕਰੋੜ ਪਹੁੰਚ ਗਈ ਹੈ। 

ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੇ ਦੱਸਿਆ ਕਿ PTC ਵਲੋਂ SGPC ਦੇ ਹੋਰ ਸਮਾਗਮਾਂ ਵਿੱਚ ਵੀ ਚੈੱਨਲ ਵਲੋਂ ਮੁਫ਼ਤ ਪ੍ਰਸਾਰਣ ਕੀਤਾ ਜਾਂਦਾ, ਜਿਵੇਂ ਕਿ ਮੰਜੀ ਸਾਹਿਬ ਦੀਵਾਨ ਹਾਲ ਤੋਂ ਰੋਜ਼ਾਨਾ ਕਥਾ, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸਾਲਾਨਾ ਸ਼ਹੀਦੀ ਪੁਰਬ ਦਾ ਪ੍ਰਸਾਰਣ ਜਾਂ ਫਿਰ ਹੋਰ ਕਿਤੋਂ ਵੀ ਕੋਈ ਪ੍ਰਸਾਰਣ ਕਰਨ ਦੀ ਲੋੜ ਹੋਵੇ।


ਦੱਸ ਦੇਈਏ ਕਿ ਬੀਤੀ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ SGPC 'ਤੇ ਨਿਸ਼ਾਨਾ ਸਾਧਦਿਆਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਵੱਡੇ ਸਵਾਲ ਚੁੱਕੇ ਗਏ ਸਨ। ਜਿਸਤੇ ਅੱਜ SGPC ਦੇ ਪ੍ਰਧਾਨ ਵਲੋਂ ਵੀ CM ਮਾਨ ਦਾ ਨਾਂਅ ਲਏ ਬੇਗੈਰ ਉਨ੍ਹਾਂ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ ਦੀਆਂ ਦੋ ਮਜ਼ਬੂਤ ਸੰਪਰਦਾਵਾਂ ਦੱਸਿਆ। ਇਸ ਦੌਰਾਨ ਧਾਮੀ ਨੇ ਗੁਰਬਾਣੀ ਵੇਚਣ ਜਿਹੀ ਸ਼ਬਦਾਵਲੀ ਤੋਂ CM ਮਾਨ ਨੂੰ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ।

Related Post