Amritsar News : ਚਿੱਠੀ ਸਿੰਘਪੁਰਾ ’ਚ ਸਿੱਖਾਂ ਦੇ ਹੋਏ ਕਤਲੇਆਮ ’ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

Amritsar News : ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ’ਚ ਮਾਰਚ 2000 ਵਿਚ 35 ਸਿੱਖਾਂ ਦੇ ਹੋਏ ਕਤਲੇਆਮ ’ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੇ ਡਾਇਰੈਕਟਰ ਆਪਣੀ ਟੀਮ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

By  Shanker Badra April 28th 2025 04:57 PM

Amritsar News : ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ’ਚ ਮਾਰਚ 2000 ਵਿਚ 35 ਸਿੱਖਾਂ ਦੇ ਹੋਏ ਕਤਲੇਆਮ ’ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੇ ਡਾਇਰੈਕਟਰ ਆਪਣੀ ਟੀਮ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਦੀ ਕੀਤੀ ਮੱਦਦ ਅਤੇ ਨਿਭਾਈਆਂ ਸੇਵਾਵਾਂ ਦੀ ਜਾਣਕਾਰੀ ਲਈ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਡਾਇਰੈਕਟਰ ਰਾਜੇਸ਼ ਰਾਜਾ, ਸੁਮਨ ਤਲਵਾਰ, ਪੀਸੀ ਰਾਉਤ, ਐਮ.ਪੀ. ਸਿੰਘ ਅਤੇ ਹੰਸ ਹੀਰਾ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।

ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਲ 2000 ਵਿਚ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਚ ਵੱਡਾ ਦੁਖਾਂਤ ਵਾਪਰਿਆ ਸੀ, ਜਿਸ ਵਿਚ 35 ਸਿੱਖਾਂ ਨੂੰ ਕਤਲ ਕੀਤਾ ਗਿਆ ਸੀ। ਇਸ ਸਬੰਧ ਵਿਚ ਸ੍ਰੀ ਰਾਜੇਸ਼ ਰਾਜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਦਸਤਾਵੇਜ਼ੀ ਫ਼ਿਲਮ ਤਿਆਰ ਕਰਨ ਦੀ ਯੋਜਨਾ ਹੈ, ਜਿਸ ਤਹਿਤ ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਪਾਸੋਂ ਪੀੜਤਾਂ ਦੀ ਮੱਦਦ ਸਬੰਧੀ ਕੀਤੇ ਕਾਰਜਾਂ ਦੇ ਵੇਰਵਿਆਂ ਦੀ ਜਾਣਕਾਰੀ ਲਈ ਪਹੁੰਚ ਕੀਤੀ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੀੜਤ ਪਰਿਵਾਰਾਂ ਦੀ ਮੱਦਦ ਕਰਨਾ ਆਪਣਾ ਫ਼ਰਜ਼ ਸਮਝਿਆ ਸੀ ਅਤੇ ਸੰਕਟ ਵੇਲੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਵੀ ਕੀਤੀ ਸੀ। ਇਸ ਮੌਕੇ ਸੂਚਨਾ ਅਧਿਕਾਰੀ ਰਣਧੀਰ ਸਿੰਘ, ਜਤਿੰਦਰਪਾਲ ਸਿੰਘ ਤੇ ਹੋਰ ਹਾਜ਼ਰ ਸਨ।

Related Post