ਕੜਾਕੇ ਦੀ ਠੰਢ ਕਾਰਨ ਚੰਡੀਗੜ੍ਹ ਦੇ ਸਕੂਲਾਂ 'ਚ 8 ਜਨਵਰੀ ਤੱਕ ਛੁੱਟੀਆਂ ਦਾ ਐਲਾਨ

ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ 8 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

By  Ravinder Singh January 3rd 2023 08:13 AM -- Updated: January 3rd 2023 08:24 AM

ਚੰਡੀਗੜ੍ਹ : ਚੰਡੀਗੜ੍ਹ 'ਚ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਨੂੰ ਦੇਖਦੇ ਹੋਏ ਸਕੂਲਾਂ ਵਿਚ 8 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰਪਾਲ ਸਿੰਘ ਬਰਾੜ ਨੇ 8 ਜਨਵਰੀ ਤੱਕ ਛੁੱਟੀਆਂ ਦੇ ਆਦੇਸ਼ ਦਿੱਤੇ ਹਨ।

ਡਾਇਰੈਕਟਰ ਨੇ ਦੱਸਿਆ ਕਿ ਜੇਕਰ ਠੰਢ ਇਸੇ ਤਰ੍ਹਾਂ ਜਾਰੀ ਰਹੀ ਤਾਂ ਛੁੱਟੀਆਂ ਹੋਰ ਵੀ ਵਧ ਸਕਦੀਆਂ ਹਨ। ਅਸਲ ਵਿੱਚ ਕਈ ਪ੍ਰਾਈਵੇਟ ਸਕੂਲ ਮਨਮਾਨੀਆਂ ਕਰ ਰਹੇ ਸਨ ਤੇ ਵਿਭਾਗ ਦੇ ਹੁਕਮਾਂ ਦੇ ਬਾਵਜੂਦ ਸਕੂਲ ਖੋਲ੍ਹੇ ਜਾ ਰਹੇ ਸਨ। ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲ ਅੱਜ ਤੇ ਕੱਲ੍ਹ ਤੋਂ ਖੁੱਲ੍ਹਣ ਵਾਲੇ ਸਨ ਜਿਸ ਦੇ ਮੱਦੇਨਜ਼ਰ ਹੁਣ ਡਾਇਰੈਕਟਰ ਸਕੂਲ ਸਿੱਖਿਆ ਨੇ ਹੁਕਮ ਜਾਰੀ ਕਰ ਦਿੱਤੇ ਹਨ। ਸੰਘਣੀ ਧੁੰਦ ਤੇ ਵਧਦੀ ਠੰਢ ਕਾਰਨ ਸਿਟੀਬਿਊਟੀਫੁੱਲ ਵਿਚ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਦੁਪਹਿਰ 12 ਵਜੇ ਤੱਕ ਸੰਘਣਾ ਧੂੰਆਂ ਛਾਇਆ ਰਿਹਾ। ਸਵੇਰੇ 6:30 ਵਜੇ ਕੁਝ ਇਲਾਕਿਆਂ 'ਚ ਵਿਜ਼ੀਬਿਲਟੀ ਜ਼ੀਰੋ ਰਹੀ। ਇਸ ਕਾਰਨ ਪਾਰਾ ਸੱਤ ਡਿਗਰੀ ਤੱਕ ਡਿੱਗ ਗਿਆ।


ਦਿਨ ਭਰ ਠੰਢ ਨਾਲ ਲੋਕ ਕੰਬਦੇ ਦੇਖੇ ਗਏ। ਸੰਘਣੀ ਧੁੰਦ ਕਾਰਨ ਸੜਕਾਂ ਉਤੇ ਆਵਾਜਾਈ ਪ੍ਰਭਾਵਿਤ ਹੋਈ। ਸੁਖਨਾ ਝੀਲ ਦੇਖਣ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਸੀ। ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਸੱਤ ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਤੋਂ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਰਹੀ। ਇਸ ਤੋਂ ਬਾਅਦ ਵਿਜ਼ੀਬਿਲਟੀ ਹੌਲੀ-ਹੌਲੀ ਵਧ ਗਈ। ਸਵੇਰ ਵੇਲੇ ਸੜਕਾਂ ਸੁੰਨਸਾਨ ਸਨ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਧੁੰਦ ਦਾ ਕਹਿਰ ਜਾਰੀ ਰਹੇਗਾ। ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ, ਤਾਂ ਜੋ ਲੋਕ ਸਵੇਰੇ-ਸ਼ਾਮ ਬਹੁਤ ਜ਼ਰੂਰੀ ਹੋਣ 'ਤੇ ਬਾਹਰ ਨਿਕਲ ਸਕਣ। ਵਿਭਾਗ ਨੇ ਲੋਕਾਂ ਨੂੰ ਅਗਲੇ ਪੰਜ ਦਿਨਾਂ ਤੱਕ ਸਾਵਧਾਨ ਰਹਿਣ ਲਈ ਕਿਹਾ ਹੈ।

Related Post