ਐਕਸਪਲੇਨਰ: ਕ੍ਰੈਡਿਟ ਕਾਰਡ ਦੇ ਨਿੱਜੀ ਕਰਜ਼ਿਆਂ ਅਤੇ ਬਕਾਏ ਤੇ RBI ਚਿੰਤਤ ; ਬੈਂਕਾਂ ਨੂੰ ਦਿੱਤੀ ਖ਼ਾਸ ਸਲਾਹ

By  Jasmeet Singh November 3rd 2023 05:23 PM -- Updated: November 3rd 2023 06:14 PM

Personal Loan Segment : ਜਿਵੇ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਲੋਕ ਰਵਾਇਤੀ ਤੌਰ 'ਤੇ ਬੱਚਤ ਕਰਨ ਬਾਰੇ ਸੋਚਦੇ ਹਨ। ਪਰ ਅਜਿਹੇ ਸਮੇਂ ਵਿੱਚ ਇੱਕ ਵੱਖਰਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਲੋਕ ਵੱਡੀ ਗਿਣਤੀ ਵਿੱਚ ਨਿੱਜੀ ਕਰਜ਼ੇ ਲੈ ਰਹੇ ਹਨ। ਨਿੱਜੀ ਕਰਜ਼ਿਆਂ ਦਾ ਬਾਜ਼ਾਰ ਵੀ ਲਗਾਤਾਰ ਫੈਲ ਰਿਹਾ ਹੈ। ਅਜਿਹੇ 'ਚ ਕੁਝ ਦਿਨ ਪਹਿਲਾਂ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ RBI ਨਿੱਜੀ ਕਰਜ਼ਿਆਂ ਦੇ ਬਾਜ਼ਾਰ ਦੇ ਤੇਜ਼ੀ ਨਾਲ ਵਧ ਰਹੇ ਕਈ ਖੇਤਰਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਸ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਨਿੱਜੀ ਕਰਜ਼ਿਆਂ ਦੇ ਕੁੱਝ ਹਿੱਸੇ ਬਹੁਤ ਜ਼ਿਆਦਾ ਵਾਧਾ ਦਰਜ ਕਰ ਰਹੇ ਹਨ।

ਆਰਬੀਆਈ ਨੇ ਬੈਂਕਾਂ ਨੂੰ ਦਿੱਤੀ ਇਹ ਸਲਾਹ
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੂੰ ਸਲਾਹ ਦਿੰਦੇ ਕਿਹਾ ਕਿ ਆਪਣੀ ਅੰਦਰੂਨੀ ਨਿਗਰਾਨੀ ਪ੍ਰਣਾਲੀ ਨੂੰ ਵਧਾਉਣ ਅਤੇ ਮਜ਼ਬੂਤ ​​ਕਰਨ, ਸੰਭਾਵੀ ਖਤਰਿਆਂ ਨੂੰ ਹੱਲ ਕਰਨ ਅਤੇ ਢੁਕਵੇਂ ਸੁਰੱਖਿਆ ਦੇ ਉਪਾਅ ਲਾਗੂ ਕਰਨ। ਗਵਰਨਰ ਨੇ ਇਹ ਗੱਲ ਅਜਿਹੇ ਸਮੇਂ 'ਚ ਕਹੀ ਹੈ ਜਦੋਂ ਦੇਸ਼ 'ਚ ਬੈਂਕ ਆਪਣੇ ਅਸੁਰੱਖਿਅਤ ਲੋਨ ਪੋਰਟਫੋਲੀਓ ਦਾ ਵਿਸਥਾਰ ਕਰ ਰਹੇ ਹਨ, ਖਾਸ ਤੌਰ 'ਤੇ ਕ੍ਰੈਡਿਟ ਕਾਰਡ ਦੇ ਜ਼ਿਆਦਾ ਖਰਚੇ ਕਾਰਨ। ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਭਾਰਤੀਆਂ ਦੁਆਰਾ ਕ੍ਰੈਡਿਟ ਕਾਰਡ ਖਰਚੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਏ ਹਨ, ਜਿਸ ਨਾਲ ਡਿਫਾਲਟ ਦਾ ਜੋਖਮ ਵੱਧ ਗਿਆ ਹੈ।

ਨਿੱਜੀ ਕਰਜ਼ਿਆਂ ਦੇ ਬਕਾਇਆ ਵਿੱਚ 26% ਵਾਧਾ
RBI ਦੇ ਅੰਕੜੇ ਦਰਸਾਉਂਦੇ ਹਨ ਕਿ ਕ੍ਰੈਡਿਟ ਕਾਰਡ ਦੇ ਬਕਾਇਆ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਹ 25 ਅਗਸਤ ਤੱਕ 2.18 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ 1.68 ਲੱਖ ਕਰੋੜ ਰੁਪਏ ਸੀ। ਇੰਨਾ ਹੀ ਨਹੀਂ ਇਸ ਸਮੇਂ ਦੌਰਾਨ ਬਕਾਇਆ ਨਿੱਜੀ ਕਰਜ਼ਿਆਂ 'ਚ 26 ਫੀਸਦੀ ਦਾ ਵਾਧਾ ਹੋਇਆ ਹੈ। RBI ਨੇ ਕਿਹਾ ਸੀ ਕਿ ਸਮੇਂ ਦੀ ਲੋੜ ਮਜ਼ਬੂਤ ​​ਜੋਖਮ ਪ੍ਰਬੰਧਨ ਅਤੇ ਮਜ਼ਬੂਤ ​​ਅੰਡਰਰਾਈਟਿੰਗ ਮਿਆਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਸਾਲਾਂ 'ਚ ਬੈਂਕ ਦਾ ਅਸੁਰੱਖਿਅਤ ਕਾਰੋਬਾਰ, ਜੋ ਇਸ ਸਮੇਂ 3-4 ਫੀਸਦੀ ਹੈ, ਵਧ ਕੇ 10 ਫੀਸਦੀ ਹੋ ਸਕਦਾ ਹੈ।

ਭਾਰਤ 'ਚ ਨਿੱਜੀ ਕਰਜ਼ੇ ਦਾ ਵਧ ਰਿਹਾ ਰੁਝਾਨ
ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਲੋਕ ਬਿਨਾ ਲੋੜ ਤੋਂ ਹੀ ਨਿੱਜੀ ਕਰਜ਼ਾ ਲੈ ਲੈਂਦੇ ਹਨ ਅਜਿਹੇ 'ਚ ਮਾਹਿਰਾਂ ਦਾ ਮੰਨਣਾ ਹੈ ਕਿ ਲੋੜ ਪੈਣ 'ਤੇ ਕਿਸੇ ਵੀ ਵਿਅਕਤੀ ਨੂੰ ਨਿੱਜੀ ਕਰਜੇ ਨੂੰ ਆਖਰੀ ਵਿਕਲਪ ਵਜੋਂ ਚੁਣਨਾ ਚਾਹੀਦਾ ਹੈ। ਇਸ ਦਾ ਇੱਕ ਕਾਰਨ ਬਹੁਤ ਜ਼ਿਆਦਾ ਵਿਆਜ ਦਰਾਂ ਹੈ। ਇਸ ਕਾਰਨ ਇਸ ਕਰਜ਼ੇ ਦਾ ਬੋਝ ਬਹੁਤ ਵੱਧ ਜਾਂਦਾ ਹੈ ਪਰ ਇਸ ਦੇ ਬਾਵਜੂਦ ਭਾਰਤ ਵਿੱਚ ਲੋਕ ਨਿੱਜੀ ਕਰਜ਼ਾ ਲੈਣ ਤੋਂ ਪਰਹੇਜ ਨਹੀਂ ਕਰਦੇ। ਜੇਕਰ ਅਸੀਂ RBI ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਗਸਤ 2023 ਵਿੱਚ ਇਸ ਹਿੱਸੇ ਦਾ ਕੁੱਲ ਕਰਜ਼ਾ 47.70 ਲੱਖ ਕਰੋੜ ਰੁਪਏ ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਭਾਵ ਅਗਸਤ 2022 ਵਿੱਚ ਇਹ 36.47 ਲੱਖ ਕਰੋੜ ਰੁਪਏ ਸੀ।

ਕ੍ਰੈਡਿਟ ਕਾਰਡ ਦੇ ਵਧ ਰਹੇ ਬਕਾਏ
ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਹਰ ਕਿਸੇ ਕੋਲ ਕ੍ਰੈਡਿਟ ਕਾਰਡ ਹੈ ਅਜਿਹੇ 'ਚ RBI ਦੇ ਅੰਕੜਿਆਂ ਅਨੁਸਾਰ ਪਤਾ ਲੱਗਦਾ ਹੈ ਕਿ ਅਪ੍ਰੈਲ 2023 ਵਿੱਚ 8.6 ਕਰੋੜ ਤੋਂ ਵੱਧ ਕ੍ਰੈਡਿਟ ਕਾਰਡ ਬਕਾਇਆ ਸਨ। ਇਹ ਅਪ੍ਰੈਲ 2022 ਦੇ 7.5 ਕਰੋੜ ਬਕਾਇਆ ਕ੍ਰੈਡਿਟ ਕਾਰਡਾਂ ਤੋਂ ਲਗਭਗ 15 ਫੀਸਦੀ ਜ਼ਿਆਦਾ ਹੈ। ਅਨੁਮਾਨ ਹੈ ਕਿ ਸਾਲ ਦੇ ਅੰਤ ਤੱਕ ਇਹ ਸੰਖਿਆ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਇਸੇ ਤਰ੍ਹਾਂ ਕ੍ਰੈਡਿਟ ਕਾਰਡਾਂ 'ਤੇ ਬਕਾਇਆ ਕਰਜ਼ਾ ਅਪ੍ਰੈਲ 2022 ਦੇ 1.54 ਲੱਖ ਕਰੋੜ ਰੁਪਏ ਤੋਂ ਅਪ੍ਰੈਲ 2023 ਵਿਚ 30 ਫੀਸਦੀ ਵਧ ਕੇ 2 ਲੱਖ ਕਰੋੜ ਰੁਪਏ ਹੋ ਗਿਆ।

Related Post