'ਤਕਨੀਕੀ ਖ਼ਰਾਬੀ' ਕਾਰਨ ਵਿਦਿਆਰਥੀਆਂ ਨੂੰ ਟਰਾਂਸਫਰ ਹੋਈ ਵਾਧੂ ਵਜ਼ੀਫ਼ਾ ਰਾਸ਼ੀ

By  Jasmeet Singh September 28th 2023 01:13 PM

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਲਗਭਗ 23,700 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਦੋ ਵਾਰ ਅਤੇ ਕੁਝ ਮਾਮਲਿਆਂ ਵਿੱਚ ਤਿੰਨ ਵਾਰ ਗਲਤ ਤਰੀਕੇ ਨਾਲ ਕ੍ਰੈਡਿਟ ਹੋਣ ਦਾ ਪਤਾ ਲੱਗਿਆ ਹੈ। ਸੂਬਾ ਸਰਕਾਰ ਨੇ ਹੁਣ ਅਧਿਆਪਕਾਂ ਨੂੰ ਹਰੇਕ ਵਿਦਿਆਰਥੀ ਦੀ ਬੈਂਕ ਪਾਸਬੁੱਕ ਚੈੱਕ ਕਰਨ, ਪੈਸੇ ਦੀ ਵਸੂਲੀ ਕਰਨ ਅਤੇ ਸਰਕਾਰ ਦੇ ਖਜ਼ਾਨੇ 'ਚ ਵਾਪਸ ਜਮ੍ਹਾ ਕਰਨ ਲਈ ਕਿਹਾ ਹੈ।

ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਡੀ.ਈ.ਓਜ਼) ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਰੇ ਸਕੂਲ ਮੁਖੀ ਵਿਦਿਆਰਥੀਆਂ ਤੋਂ ਵਾਧੂ ਰਕਮ ਵਸੂਲ ਕੇ ਸਰਕਾਰ ਦੇ ਖ਼ਜ਼ਾਨੇ 'ਚ 20 ਅਕਤੂਬਰ ਤੱਕ ਵਾਪਸ ਜਮ੍ਹਾ ਕਰਵਾ ਦੇਣ। ਜਿਸ ਲਈ ਹੁਣ ਅਧਿਆਪਕਾਂ ਨੂੰ ਹਰੇਕ ਲਾਭਪਾਤਰੀ ਦੀ ਬੈਂਕ ਪਾਸਬੁੱਕ ਦੀ ਜਾਂਚ ਕਰਨੀ ਪਵੇਗੀ ਅਤੇ ਰਿਕਵਰੀ ਨੂੰ ਯਕੀਨੀ ਬਣਾਉਣਾ ਹੋਵੇਗਾ। 

ਸਹਾਇਕ ਨਿਰਦੇਸ਼ਕ (ਸਕਾਲਰਸ਼ਿਪ) ਦੁਆਰਾ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਗਿਆ, "ਭਾਰਤ ਸਰਕਾਰ ਦੇ ਪਬਲਿਕ ਫਾਇਨਾਂਸ ਮੈਨੇਜਮੈਂਟ ਸਿਸਟਮ (ਪੀ.ਐਫ.ਐਮ.ਐਸ) ਪੋਰਟਲ ਵਿੱਚ ਤਕਨੀਕੀ ਖ਼ਰਾਬੀ ਕਾਰਨ 23,001 ਵਿਦਿਆਰਥੀਆਂ ਨੂੰ ਗਲਤੀ ਨਾਲ ਦੁੱਗਣੀ ਰਕਮ ਕ੍ਰੈਡਿਟ ਕਰ ਦਿੱਤੀ ਗਈ ਅਤੇ 694 ਦੇ ਇੱਕ ਹੋਰ ਬੈਚ ਨੂੰ ਤਿੰਨ ਗੁਣਾ ਰਕਮ ਕ੍ਰੈਡਿਟ ਕਰ ਦਿੱਤੀ ਗਈ।" 

ਹਰੇਕ ਲਾਭਪਾਤਰੀ ਨੂੰ 3500 ਰੁਪਏ ਦਿੱਤੇ ਜਾਣੇ ਸਨ, ਜਿਸ ਵਿੱਚ ਰਾਜ ਸਰਕਾਰ ਦੇ ਹਿੱਸੇ ਵਜੋਂ 1400 ਰੁਪਏ ਅਤੇ ਕੇਂਦਰ ਦੇ ਹਿੱਸੇ ਵਜੋਂ 2100 ਰੁਪਏ ਸ਼ਾਮਲ ਹਨ। ਜਦਕਿ ਸੂਬੇ ਨੇ ਆਪਣੇ ਹਿੱਸੇ ਤੋਂ 3.41 ਕਰੋੜ ਰੁਪਏ ਦੀ ਵਾਧੂ ਰਕਮ ਅਦਾ ਕਰ ਦਿੱਤੀ। ਹੁਣ ਸਕੂਲ ਵਿਭਾਗ ਨੂੰ ਪਾਸਬੁੱਕਾਂ ਵਿੱਚ 1400 ਰੁਪਏ ਦੀਆਂ ਦੋਹਰੀ ਅਤੇ ਤੀਹਰੀ ਐਂਟਰੀਆਂ ਚੈੱਕ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਹਿਰਾਸਤ ’ਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਾਣੋ ਪੂਰਾ ਮਾਮਲਾ

Related Post