Jagraon : ਨਸ਼ੇ ਨੇ ਉਜਾੜੇ ਇਹ ਘਰ, ਮ੍ਰਿਤਕਾਂ ਦੀਆਂ ਤਸਵੀਰਾਂ ਫੜ ਸੜਕ ਤੇ ਬੈਠੇ ਪਰਿਵਾਰ, ਸ਼ਰੇਆਮ ਵਿਕ ਰਹੇ ਚਿੱਟੇ ਦੀ ਸੁਣਾਈ ਕਹਾਣੀ
Drug Deaths in Punjab : ਜ਼ਿੰਦਗੀ ਗੁਆ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਅਤੇ ਪਤਨੀਆਂ ਨੇ ਕੈਮਰੇ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦਾਅਵਾ ਕੀਤਾ ਕਿ ਅੱਜ ਵੀ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਬਾਵਜੂਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
Jagraon Drug Death Story : ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਸਰਕਾਰੀ ਦਾਅਵਿਆਂ ਵਿਚਕਾਰ ਜਗਰਾਓਂ ਦੇ ਅਗਵਾੜ ਮਾਈ ਜੀਨਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕੇ ਵਿੱਚ ਚਿੱਟੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਗੁਆ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਅਤੇ ਪਤਨੀਆਂ ਨੇ ਕੈਮਰੇ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦਾਅਵਾ ਕੀਤਾ ਕਿ ਅੱਜ ਵੀ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਬਾਵਜੂਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਪੀੜਤਾਂ ਨੇ ਸੁਣਾਈ ਨਸ਼ੇ ਨਾਲ ਪਰਿਵਾਰ ਉਜੜਣ ਦੀ ਕਹਾਣੀ
ਅਗਵਾੜ ਮਾਈ ਜੀਨਾਂ ਦੀਆਂ ਗਲੀਆਂ ਵਿੱਚ ਹਰ ਮੋੜ ਅਤੇ ਹਰ ਘਰ ਇੱਕ ਦਰਦਨਾਕ ਕਹਾਣੀ ਸੁਣਾ ਰਿਹਾ ਹੈ। ਕਿਸੇ ਮਾਂ ਨੇ ਆਪਣਾ ਜਵਾਨ ਪੁੱਤਰ ਗੁਆਇਆ ਹੈ, ਕਿਸੇ ਪਤਨੀ ਦਾ ਸੁਹਾਗ ਉੱਜੜ ਗਿਆ ਹੈ ਅਤੇ ਕਈ ਬੱਚੇ ਆਪਣੇ ਪਿਤਾ ਦੇ ਸਾਏ ਤੋਂ ਵਾਂਝੇ ਹੋ ਗਏ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਚਿੱਟੇ ਨੇ ਉਨ੍ਹਾਂ ਦੇ ਘਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ ਅਤੇ ਅੱਜ ਵੀ ਨੌਜਵਾਨ ਇਸ ਜ਼ਹਿਰ ਦੀ ਗ੍ਰਿਫ਼ਤ ਵਿੱਚ ਫਸ ਰਹੇ ਹਨ।
ਚਿੱਟੇ ਕਾਰਨ ਆਪਣੇ ਦੋ ਪੁੱਤਰਾਂ ਨੂੰ ਗੁਆ ਚੁੱਕੀ ਮਾਂ ਮਨਜੀਤ ਕੌਰ ਨੇ ਵਨ-ਟੂ-ਵਨ ਇੰਟਰਵਿਊ ਦੌਰਾਨ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਉਸ ਨੇ ਕਿਹਾ ਕਿ ਨਸ਼ਿਆਂ ਨੇ ਉਸ ਦੀ ਦੁਨੀਆ ਉਜਾੜ ਦਿੱਤੀ ਹੈ ਅਤੇ ਹੁਣ ਉਹ ਚਾਹੁੰਦੀ ਹੈ ਕਿ ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ। ਇਲਾਕੇ ਦੀਆਂ ਹੋਰ ਮਾਵਾਂ ਅਤੇ ਪਤਨੀਆਂ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਪਤੀ ਨਸ਼ਿਆਂ ਦੀ ਲਪੇਟ ਵਿੱਚ ਆਏ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਤਬਾਹ ਹੋ ਗਏ।
'ਯੁੱਧ ਨਸ਼ਿਆਂ ਵਿਰੁੱਧ' 'ਤੇ ਚੁੱਕੇ ਸਵਾਲ
ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਨਸ਼ਾ ਵੇਚਣ ਵਾਲੇ ਅਜੇ ਵੀ ਬੇਖੌਫ਼ ਹੋ ਕੇ ਆਪਣਾ ਧੰਦਾ ਚਲਾ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਜ਼ਰ ਨਹੀਂ ਆ ਰਹੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਚੱਲ ਰਿਹਾ ਹੈ ਤਾਂ ਫਿਰ ਨਸ਼ੇ ਦੇ ਸੌਦਾਗਰਾਂ 'ਤੇ ਪੂਰੀ ਤਰ੍ਹਾਂ ਨਕੇਲ ਕਿਉਂ ਨਹੀਂ ਪਾਈ ਜਾ ਰਹੀ।
ਅਗਵਾੜ ਮਾਈ ਜੀਨਾਂ ਤੋਂ ਉੱਠੀ ਇਹ ਪੁਕਾਰ ਹੁਣ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਰਹੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤਾਂ ਜੋ ਹੋਰ ਪਰਿਵਾਰਾਂ ਨੂੰ ਇਸ ਦਰਦ ਵਿਚੋਂ ਨਾ ਲੰਘਣਾ ਪਵੇ।
ਜਗਰਾਓਂ ਤੋਂ ਜਗਪਾਲ ਸਿੰਘ ਸਿਵੀਆਂ ਦੀ ਰਿਪੋਰਟ