Gangster Jobanjit Singh alias Billa : ਬਿੱਲਾ 8 ਦਿਨ ਦੇ ਰਿਮਾਂਡ 'ਤੇ, ਇੰਡੋਨੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ ਗੈਂਗਸਟਰ
Gangster Jobanjit Singh alias Billa : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਅੰਤਰਰਾਸ਼ਟਰੀ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਇੰਡੋਨੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਕੁੱਖਿਆਤ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਬਾਬਾ ਬਕਾਲਾ ਸਾਹਿਬ (Baba Bakala Sahib Court) ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।
ਲੰਮੇ ਸਮੇਂ ਤੋਂ ਵਿਦੇਸ਼ 'ਚ ਲੁਕਿਆ ਹੋਇਆ ਸੀ ਜੋਬਨਜੀਤ ਸਿੰਘ
ਜਾਣਕਾਰੀ ਅਨੁਸਾਰ, ਗੈਂਗਸਟਰ ਜੋਬਨਜੀਤ ਬਿੱਲਾ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਲੁਕਿਆ ਹੋਇਆ ਸੀ। ਉਸ ਨੂੰ ਭਾਰਤ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਸੀ ਅਤੇ ਇੰਟਰਪੋਲ ਰਾਹੀਂ ਪੰਜ ਰੈਫਰੈਂਸ ਵੀ ਭੇਜੇ ਗਏ ਸਨ। ਇਹ ਕਾਰਵਾਈ ਪੰਜਾਬ ਪੁਲਿਸ ਦੇ ਵਿਸ਼ੇਸ਼ 'ਆਪ੍ਰੇਸ਼ਨ ਨੋਮੈਡ ਹੰਟ' ਤਹਿਤ ਕੀਤੀ ਗਈ, ਜਿਸ ਦਾ ਮਕਸਦ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣਾ ਹੈ।
ਜੋਬਨਜੀਤ ਸਿੰਘ ਦੀ ਕਰਾਈਮ ਹਿਸਟਰੀ
ਮੁਲਜ਼ਮ ਖ਼ਿਲਾਫ਼ ਚਾਰ ਕਤਲਾਂ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਉਹ ਸੰਗਠਿਤ ਅਪਰਾਧਿਕ ਗਿਰੋਹਾਂ ਨਾਲ ਜੁੜਿਆ ਹੋਇਆ ਸੀ ਅਤੇ ਕਈ ਵਾਰਦਾਤਾਂ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਈ ਹੈ। ਜਾਂਚ ਏਜੰਸੀਆਂ ਹੁਣ ਉਸ ਤੋਂ ਪੁੱਛਗਿੱਛ ਕਰਕੇ ਉਸ ਦੇ ਨੈੱਟਵਰਕ, ਸਾਥੀਆਂ ਅਤੇ ਵਿਦੇਸ਼ੀ ਸੰਪਰਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੀਆਂ ਹਨ।
ਬਾਬਾ ਬਕਾਲਾ ਸਾਹਿਬ ਅਦਾਲਤ ਨੇ 8 ਦਿਨ ਦੇ ਰਿਮਾਂਡ 'ਤੇ ਭੇਜਿਆ
ਮੁਲਜ਼ਮ ਦੇ ਵਕੀਲ ਐਡਵੋਕੇਟ ਗੋਬਿੰਦ ਸਿੰਘ ਰੰਧਾਵਾ ਨੇ ਦੱਸਿਆ ਕਿ ਜੋਬਨਜੀਤ ਬਿੱਲਾ ਨੂੰ ਐਫਆਈਆਰ ਨੰਬਰ 94/2023, ਥਾਣਾ ਸਖ਼ਿਆਲਾ ਨਾਲ ਸਬੰਧਤ ਜਰਨੈਲ ਸਿੰਘ ਉਰਫ਼ ਜੈਲਾ ਕਤਲ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ 11 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 8 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਰਿਮਾਂਡ ਦੌਰਾਨ ਹਰ ਚਾਰ ਦਿਨ ਬਾਅਦ ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾਵੇ।
ਅਦਾਲਤ ਨੇ ਮਾਮਲੇ 'ਚ ਅਪਰਾਧਿਕ ਸਾਜਿਸ਼ ਦਾ ਬਣਾਇਆ ਹਿੱਸਾ
ਵਕੀਲ ਨੇ ਦੱਸਿਆ ਕਿ ਜੈਲਾ ਕਤਲ ਕੇਸ ਵਿੱਚ ਜੋਬਨਜੀਤ ਬਿੱਲਾ ਨੂੰ ਸਿੱਧਾ ਸ਼ੂਟਰ ਨਹੀਂ, ਸਗੋਂ ਕਥਿਤ ਅਪਰਾਧਿਕ ਸਾਜ਼ਿਸ਼ (ਕ੍ਰਿਮਿਨਲ ਕਾਨਸਪਿਰੇਸੀ) ਦਾ ਹਿੱਸਾ ਬਣਾਇਆ ਗਿਆ ਹੈ। ਇਸ ਕੇਸ ਵਿੱਚ ਲਗਭਗ 15 ਮੁਲਜ਼ਮ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਅਤੇ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ...
ਅੰਮ੍ਰਿਤਸਰ
ਦੇ ਸ਼ਰਧਾਲੂਆਂ ਵਾਲੀ ਬੱਸ ਹੋਈ ਹਾਦਸਾਗ੍ਰਸਤ, 2 ਦੀ ਮੌਤ, 7 ਜ਼ਖਮੀ
NEET ਦੇ
ਨਤੀਜੇ ਨੇ ਲਈ ਮਾਸੂਮ ਦੀ ਜਾਨ! ਅਹਿਲਿਆਨਗਰ 'ਚ ਵਿਦਿਆਰਥਣ ਨੇ ਕੀਤਾ ਸੁਸਾਈਡ
Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ
ਲੱਗੀ ਅੱਗ; ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ
ਖ਼ਦਸ਼ਾ
- PTC NEWS