ਅੱਜ ਮਰਨ ਵਰਤ 'ਤੇ ਬੈਠਣਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

By  Ravinder Singh November 19th 2022 10:22 AM

ਚੰਡੀਗੜ੍ਹ : ਹੱਕੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਵੱਲੋਂ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਬੀਕੇਯੂ (BKU) ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਦੁਪਿਹਰ 12 ਵਜੇ ਤੋਂ ਮਰਨ ਵਰਤ 'ਤੇ ਬੈਠਣਗੇ। ਜਾਣਕਾਰੀ ਅਨੁਸਾਰ ਡੱਲੇਵਾਲ ਫਰੀਦਕੋਟ ਵਿਖੇ ਨੈਸ਼ਨਲ ਹਾਈਵੇ 'ਤੇ ਲਗਾਏ ਗਏ ਧਰਨਾ ਸਥਾਨ ਤੋਂ ਹੀ ਆਪਣਾ ਮਰਨ ਵਰਤ ਸ਼ੁਰੂ ਕਰਨਗੇ। ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪ੍ਰਦਰਸ਼ਨ ਕਰ ਰਹੀ ਕਿਸਾਨ ਜਥੇਬੰਦੀ ਬਾਰੇ ਬਿਆਨ ਦਿੱਤਾ ਗਿਆ ਸੀ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਨੀਂਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਤੋਂ ਕਿਸਾਨ ਖਫ਼ਾ ਹਨ ਜਿਸ ਕਰ ਕੇ ਉਹ ਸੰਘਰਸ਼ ਕਰ ਰਹੇ ਹਨ।


ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੀਆਂ ਮੰਗਾਂ

1. ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆ ਫਰਦਾ 'ਚ ਕੀਤੀਆਂ ਰੈਡ ਐਂਟਰੀਆਂ,ਪਰਚੇ ਤੇ ਹਰ ਤਰ੍ਹਾਂ ਦੀ ਕੀਤੀ  ਕਾਰਵਾਈ ਸਰਕਾਰ ਵਾਪਸ ਲਏ।

2. ਫ਼ਸਲਾਂ ਦੇ ਹੋਏ ਹਰ ਤਰ੍ਹਾਂ ਦੇ ਨੁਕਸਾਨ ਨਰਮਾ, ਮੂੰਗੀ, ਝੋਨਾ ਤੇ ਲੰਪੀ ਸਕਿਨ ਨਾਲ ਹੋਏ ਪਸ਼ੂ ਧੰਨ ਦੇ ਨੁਕਸਾਨ ਦਾ ਮੁਆਵਜ਼ਾ ਤੇ ਪਿਛਲੇ ਦਿਨੀਂ ਦਰਿਆਵਾਂ ਵਿੱਚ ਆਏ ਅਚਨਚੇਤ ਝੜਾ ਨੇ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ਉਤੇ ਨੂੰ ਨੁਕਸਾਨ ਕੀਤਾ ਹੈ ਉਸ ਦਾ ਮੁਆਵਜ਼ਾ ਦੇਣ ਦਾ ਸਰਕਾਰ ਤੁਰੰਤ ਫ਼ੈਸਲਾ ਕਰੇ।

3. ਜੁਮਲਾ ਮੁਸਤਰਕਾ ਮਾਲਕਾਨ ਕਿਸਾਨ ਜਾਂ ਆਬਾਦਕਾਰ ਜਾਂ 2007 ਦੀ ਪਾਲਿਸੀ ਤਹਿਤ ਜਿਹੜੇ ਕਿਸਾਨਾਂ ਤੋਂ ਪੈਸੇ ਭਰਵਾ ਕੇ ਹਕ ਮਾਲਕੀਅਤ ਦਿੱਤੇ ਸੀ ਉਹ ਇੰਤਕਾਲ ਸਰਕਾਰ ਨੇ ਰੱਦ ਕੀਤੇ ਸੀ ਉਹ ਇੰਤਕਾਲ ਸਰਕਾਰ ਤੁਰੰਤ ਬਹਾਲ ਕਰੇ।

4. ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਮੁਆਵਜ਼ਾ ਵੰਡਣ ਸਮੇਂ ਵੱਡੀ ਪੱਧਰ ਉਤੇ ਹੋਏ ਘਪਲਿਆਂ ਦਾ ਰਵਿਊ ਕੀਤਾ ਜਾਵੇ ਅਤੇ ਅਸਲ ਹੱਕਦਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਨ੍ਹਾਂ ਘਪਲਿਆਂ ਦੇ ਮੁਲਜ਼ਮ ਅਧਿਕਾਰੀਆਂ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

5. ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ।

6. ਮੂੰਗੀ ਮੱਕੀ ਬਾਸਮਤੀ ਅਤੇ ਹੋਰ ਦਾਲਾਂ ਅਤੇ ਤੇਲ ਬੀਜ ਫਸਲਾਂ ਦਾ ਐਮ.ਐਸ.ਪੀ ਦੇਣਾ ਤੈਅ ਕਰੇ ਸਰਕਾਰ।

7. ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਪ੍ਰਬੰਧ ਕਰੇ ਸਰਕਾਰ।

8. ਸਿੱਖ ਇਤਿਹਾਸ ਨੂੰ ਵਿਗਾੜਨ ਲਈ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੱਡੇ ਪੱਧਰ ਉਤੇ ਛੇੜਛਾੜ ਕੀਤੀ ਗਈ ਜਿਸ ਨੂੰ ਸਰਕਾਰ ਨੇ ਮੰਨ ਲਿਆ ਸੀ ਅਤੇ ਸਰਕਾਰ ਨੇ ਇਹ ਵੀ ਮੰਨਿਆ ਸੀ ਕਿ ਅਸੀਂ ਇਹ ਕਿਤਾਬਾਂ ਨੂੰ ਬੈਨ ਕਰਾਂਗੇ ਜਿਸ ਉੱਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਅਤੇ ਬਾਜ਼ਾਰ ਵਿੱਚ ਉਹ ਕਿਤਾਬਾਂ ਉਪਲਬਧ ਹਨ ਅਤੇ ਵਿਦਿਆਰਥੀਆਂ ਨੂੰ ਉਹ ਕਿਤਾਬਾਂ ਪੜ੍ਹਾਈਆਂ ਵੀ ਜਾ ਰਹੀਆਂ ਹਨ। ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮਾਂ ਉੱਪਰ ਤੁਰੰਤ ਸਖਤ ਕਾਰਵਾਈ ਕਰੇ ਸਰਕਾਰ।

9. ਪਿਛਲੇ ਸਾਲ ਦੀ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਤੁਰੰਤ ਬੋਨਸ ਦੇਵੇ ਸਰਕਾਰ।

10. ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਯਕਮੁਕਤ ਖਤਮ ਕਰੇ ਸਰਕਾਰ।

11. ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਨਸ਼ਿਆਂ ਉੱਪਰ ਤੁਰੰਤ ਕੰਟਰੋਲ ਕਰੇ ਤੇ ਬੇਰੁਜ਼ਗਾਰ ਫਿਰ ਰਹੇ ਨੌਜਵਾਨਾਂ ਤੇ ਰੁਜ਼ਗਾਰ ਦਾ ਸਰਕਾਰ ਆਪਣੇ ਵਾਅਦੇ ਮੁਤਾਬਕ ਤੁਰੰਤ ਪ੍ਰਬੰਧ ਕਰੇ।

13. ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਮੁਤਾਬਕ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਤੁਰੰਤ ਦੇਣਾ ਸ਼ੁਰੂ ਕਰੇ ਸਰਕਾਰ।

14. ਲੰਬੀ ਸਕਿਨ ਬਿਮਾਰੀ ਦੇ ਸਮੇਂ ਆਪਣੀ ਹੜਤਾਲ ਛੱਡ ਕੇ ਪਸ਼ੂ ਧੰਨ ਦੀ ਸੰਭਾਲ ਕਰਨ ਵਾਲੇ ਫਾਰਮਾਸਿਸਟ ਮੁਲਾਜ਼ਮਾਂ ਦੀ ਤੁਰੰਤ ਸੁਣਵਾਈ ਕਰੇ ਸਰਕਾਰ।

Related Post