Punjab Floods : ਕਿਸਾਨ-ਮਜ਼ਦੂਰ ਮੋਰਚੇ ਦਾ ਵੱਡਾ ਐਲਾਨ, ਹੜ੍ਹਾਂ ਨਾਲ ਖੇਤਾਂ ਚ ਆਇਆ ਰੇਤਾ ਖੁਦ ਵੇਚਣਗੇ ਕਿਸਾਨ
Kisan Majdoor Morcha : ਮੀਟਿੰਗ ਨੇ ਫੈਸਲਾ ਕੀਤਾ ਹੜਾਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਜੋ ਰੇਤਾ ਭਰ ਗਿਆ ਹੈ ਉਹ ਕਿਸਾਨ ਖੁਦ ਵੇਚਣਗੇ। ਜੇਕਰ ਸਰਕਾਰ ਜਾਂ ਮਾਈਨਿੰਗ ਵਿਭਾਗ ਨੇ ਇਸ ਵਿੱਚ ਕੋਈ ਅੜਿੱਕਾ ਖੜਾ ਕੀਤਾ ਤਾਂ ਕਿਸਾਨ-ਮਜ਼ਦੂਰ ਮੋਰਚਾ ਇਸ ਦਾ ਸਖਤ ਵਿਰੋਧ ਕਰੇਗਾ।
Mining in Punjab : ਅੱਜ ਕਿਸਾਨ ਮਜ਼ਦੂਰ ਮੋਰਚਾ ਦੀ ਅਹਿਮ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਦਿਲਬਾਗ ਸਿੰਘ ਹਰੀਗੜ ਅਤੇ ਬਲਵੰਤ ਸਿੰਘ ਬਹਿਰਾਮ ਕੇ ਨੇ ਕੀਤੀ। ਮੀਟਿੰਗ ਵਿੱਚ ਹੋਈ ਚਰਚਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਹੜ੍ਹ ਕੁਦਰਤ ਦੀ ਕਰੋਪੀ ਨਾਲੋਂ ਵੱਧ ਸਰਕਾਰੀ ਕਰੋਪੀ ਹੈ। ਮਾੜੇ ਜਲ ਪ੍ਰਬੰਧਨ ਅਤੇ ਕੁਦਰਤ ਨਾਲ ਛੇੜ-ਛਾੜ ਕਾਰਨ ਹੜ੍ਹ ਆਏ ਹਨ। ਮੀਟਿੰਗ ਨੇ ਫੈਸਲਾ ਕੀਤਾ ਹੜਾਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਜੋ ਰੇਤਾ ਭਰ ਗਿਆ ਹੈ ਉਹ ਕਿਸਾਨ ਖੁਦ ਵੇਚਣਗੇ। ਜੇਕਰ ਸਰਕਾਰ ਜਾਂ ਮਾਈਨਿੰਗ ਵਿਭਾਗ ਨੇ ਇਸ ਵਿੱਚ ਕੋਈ ਅੜਿੱਕਾ ਖੜਾ ਕੀਤਾ ਤਾਂ ਕਿਸਾਨ-ਮਜ਼ਦੂਰ ਮੋਰਚਾ ਇਸ ਦਾ ਸਖਤ ਵਿਰੋਧ ਕਰੇਗਾ।
ਮੀਟਿੰਗ ਨੇ ਪੰਜਾਬ ਹਰਿਆਣਾ ਯੂਪੀ ਅਤੇ ਰਾਜਸਥਾਨ ਦੇ ਲੋਕਾਂ ਵੱਲੋਂ ਹੜ ਪੀੜਤਾਂ ਦੇ ਹੱਕ ਵਿੱਚ ਜੰਗੀ ਪੱਧਰ ਤੇ ਨਿੱਤਰਨ ਦੀ ਅਤਿਅੰਤ ਪ੍ਰਸੰਸਾ ਕੀਤੀ । ਪੰਜਾਬ ਦੀ ਜਵਾਨੀ ਇਸ ਔਖੀ ਘੜੀ ਹੜ ਪੀੜਤਾਂ ਦੇ ਹੱਕ ਵਿੱਚ ਇਤਿਹਾਸਿਕ ਰੋਲ ਨਿਭਾ ਰਹੀ ਹੈ। ਬਲਵੰਤ ਸਿੰਘ ਬਹਿਰਾਮ ਕੇ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਮੁਲਕ ਦਾ ਢਿੱਡ ਭਰਨ ਵਾਲਾ ਸੂਬਾ ਹੈ ਏਡੀ ਵੱਡੀ ਬਿਪਤਾ ਦੇ ਬਾਵਜੂਦ ਵੀ ਹੜਾਂ ਦੀ ਕਰੋਪੀ ਨੂੰ ਕੌਮੀ ਆਫਤ ਨਾ ਐਲਾਨਣਾ ਪੰਜਾਬ ਨਾਲ ਸਰਾਸਰ ਧੱਕਾ ਹੈ। ਉਹਨਾਂ ਮੰਗ ਕੀਤੀ ਹੜਾਂ ਨੂੰ ਕੌਮੀ ਆਫਤ ਮੰਨ ਕੇ ਕੇਂਦਰ ਸਰਕਾਰ ਵੱਡੀ ਪੱਧਰ ਤੇ ਫੰਡ ਜਾਰੀ ਕਰੇ।
ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਮੀਟਿੰਗ ਨੇ ਪੰਜਾਬ ਸਰਕਾਰ ਦੇ ਰੋਲ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਲੋਕ ਆਪਣੀ ਬਣੀ ਖੁਦ ਨਬੇੜ ਰਹੇ ਹਨ। ਸਰਕਾਰ ਮੈਦਾਨ ਵਿੱਚੋਂ ਗੈਰ ਹਾਜ਼ਰ ਹੈ। ਕਿਸ਼ਤੀਆਂ ਤੱਕ ਮੁਹਈਆ ਨਹੀਂ ਕਰਵਾ ਸਕੀ। ਸਰਕਾਰ ਦੇ ਮੰਤਰੀਆਂ ਤੋਂ ਲੋਕਾਂ ਦੀ ਮੰਗ ਇਹ ਨਹੀਂ ਹੁੰਦੀ ਕਿ ਉਹ ਆਪਣੀ ਇੱਕ ਦਿਨ ਦੀ ਤਨਖਾਹ ਦੇਣ ਜਾਂ ਭੁੰਜੇ ਬੈਠ ਕੇ ਰੋਟੀ ਖਾਣ। ਸਗੋਂ ਸਰਕਾਰ ਦੀ ਤਰਫੋਂ ਵੱਡੀ ਪੱਧਰ 'ਤੇ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਸੀ। ਘੱਟੋ ਘੱਟ ਲੋਕਾਂ ਵੱਲੋਂ ਪਹੁੰਚ ਰਹੀ ਰਾਹਤ ਨੂੰ ਸਾਂਭਣ ਲਈ ਆਰਜੀ ਸਟੋਰ ਬਣਾਏ ਜਾਣੇ ਚਾਹੀਦੇ ਸਨ। ਸਰਕਾਰੀ ਅਮਲੇ ਫੈਲੇ ਨੂੰ ਗਰਾਊਂਡ ਤੇ ਉਤਾਰਨਾ ਚਾਹੀਦਾ ਸੀ।ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਕੇਂਦਰੀ ਖੇਤੀ ਮੰਤਰੀ ਨੂੰ ਸੌਪਣੀ ਚਾਹੀਦੀ ਸੀ। ਪੰਜਾਬ ਸਰਕਾਰ ਇਸ ਮਾਮਲੇ ਚ ਹਰ ਪੱਧਰ 'ਤੇ ਫੇਲ ਸਾਬਤ ਹੋਈ ਹੈ। ਸਰਕਾਰ ਨੂੰ ਜਗਾਉਣ ਲਈ 12 ਸਤੰਬਰ ਨੂੰ ਹੜਾਂ ਚ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ।
ਇਸ ਤੋਂ ਇਲਾਵਾ ਸ਼ੰਭੂ ਖਨੌਰੀ ਉੱਤੇ 14 ਮਹੀਨੇ ਚੱਲੇ ਕਿਸਾਨ ਅੰਦੋਲਨ-2 ਦਾ ਲੇਖਾ ਜੋਖਾ ਕਰਦਿਆਂ ਸਰਵਣ ਸਿੰਘ ਪੰਧੇਰ ਅਤੇ ਬਲਦੇਵ ਸਿੰਘ ਜੀਰਾ ਨੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਜੁੱਟ ਹੋ ਕੇ ਲੜੀ ਲੜਾਈ ਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਬੇਸ਼ੱਕ ਸਰਕਾਰ ਨੇ ਧੋਖੇ ਅਤੇ ਜਬਰ ਨਾਲ ਮੋਰਚੇ ਨੂੰ ਉਠਾ ਦਿੱਤਾ ਸੀ ਪਰ ਸਾਡੀਆਂ ਮੰਗਾਂ ਜਾਇਜ ਹਨ ਇਹਨਾਂ ਉੱਤੇ ਲੜਾਈ ਜਾਰੀ ਰਹੇਗੀ ਅਤੇ ਸਰਕਾਰ ਵੱਲੋਂ ਮੋਰਚੇ ਦੇ ਸਾਜੋ ਸਮਾਨ ਦੀ ਕੀਤੀ ਲੁੱਟ ਦੀ ਪੂਰੀ ਭਰਪਾਈ ਭਗਵੰਤ ਮਾਨ ਸਰਕਾਰ ਤੋਂ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਰਾਏ, ਮਲਕੀਤ ਸਿੰਘ ਗੁਲਾਮੀ ਵਾਲਾ , ਜੰਗ ਸਿੰਘ ਭਟੇੜੀ, ਬਲਕਾਰ ਸਿੰਘ ਬੈਂਸ ਹਾਜ਼ਰ ਸਨ।