Khanna ਦੇ ਪਿੰਡ ਘੁੰਗਰਾਲੀ ਰਾਜਪੂਤਾਂ ਚ ਕਿਸਾਨਾਂ ਤੇ ਕੁਦਰਤ ਦੀ ਮਾਰ ! ਬੇਮੌਸਮੀ ਮੀਂਹ ਕਾਰਨ ਆਲੂ ਦੀ ਫਸਲ ਹੋਈ ਖ਼ਰਾਬ
Khanna News : ਖੰਨਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਕਿਸਾਨਾਂ ਉੱਤੇ ਕੁਦਰਤ ਦੀ ਮਾਰ ਪੈਣ ਕਾਰਨ ਆਲੂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਨਵਰੀ ਮਹੀਨੇ ਦੌਰਾਨ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਮੁਤਾਬਕ ਕਰੀਬ 90 ਫੀਸਦੀ ਆਲੂ ਦੀ ਫਸਲ ਖਰਾਬ ਨਿਕਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਹੈ
Khanna News : ਖੰਨਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਕਿਸਾਨਾਂ ਉੱਤੇ ਕੁਦਰਤ ਦੀ ਮਾਰ ਪੈਣ ਕਾਰਨ ਆਲੂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਨਵਰੀ ਮਹੀਨੇ ਦੌਰਾਨ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਮੁਤਾਬਕ ਕਰੀਬ 90 ਫੀਸਦੀ ਆਲੂ ਦੀ ਫਸਲ ਖਰਾਬ ਨਿਕਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਹੈ।
ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਲਗਭਗ 1500 ਏਕੜ ਰਕਬੇ ਵਿੱਚ ਆਲੂ ਦੀ ਖੇਤੀ ਕੀਤੀ ਜਾਂਦੀ ਹੈ। ਇਥੋਂ ਦੇ ਜ਼ਿਆਦਾਤਰ ਕਿਸਾਨ ਆਲੂ ਦੀ ਫਸਲ ਨੂੰ ਆਪਣੀ ਮੁੱਖ ਆਮਦਨ ਦਾ ਸਰੋਤ ਮੰਨਦੇ ਹਨ ਪਰ ਇਸ ਸਾਲ ਮੀਂਹ ਨੇ ਫਸਲ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਜ਼ਮੀਨ ਵਿੱਚ ਪਾਣੀ ਭਰ ਗਿਆ, ਜਿਸ ਨਾਲ ਆਲੂ ਸੜ ਗਏ ਅਤੇ ਖੇਤਾਂ ਵਿੱਚ ਹੀ ਖਰਾਬ ਹੋਣ ਲੱਗ ਪਏ।
ਕਿਸਾਨਾਂ ਨੇ ਦੱਸਿਆ ਕਿ ਉਹ 60 ਤੋਂ 65 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਹੇ ਹਨ। ਇਸ ਤੋਂ ਇਲਾਵਾ ਬੀਜ, ਖਾਦ, ਦਵਾਈ, ਸਿੰਚਾਈ ਅਤੇ ਮਜ਼ਦੂਰੀ ਆਦਿ ’ਤੇ ਲਗਭਗ 40 ਤੋਂ 45 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚ ਆਇਆ ਹੈ। ਇਸ ਤਰ੍ਹਾਂ ਇੱਕ ਏਕੜ ’ਤੇ ਕਿਸਾਨ ਦਾ ਕੁੱਲ ਖਰਚਾ ਸਵਾ ਤੋਂ ਡੇਢ ਲੱਖ ਰੁਪਏ ਦੇ ਨੇੜੇ ਪਹੁੰਚ ਜਾਂਦਾ ਹੈ। ਪਰ ਹੁਣ ਜਦੋਂ ਫਸਲ ਹੀ ਖਰਾਬ ਹੋ ਗਈ ਹੈ ਤਾਂ ਕਿਸਾਨ ਪੂਰੀ ਤਰ੍ਹਾਂ ਘਾਟੇ ਵਿੱਚ ਚਲੇ ਗਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਥੋੜ੍ਹੀ ਬਹੁਤ ਫਸਲ ਬਚੀ ਹੈ, ਉਹ ਵੀ ਮਾਰਕੀਟ ਵਿੱਚ ਢੰਗ ਦਾ ਭਾਅ ਨਹੀਂ ਦੇ ਰਹੀ, ਕਿਉਂਕਿ ਗੁਣਵੱਤਾ ਖਰਾਬ ਹੋਣ ਕਾਰਨ ਵਪਾਰੀ ਘੱਟ ਰੇਟ ਲਗਾ ਰਹੇ ਹਨ। ਇਸ ਕਾਰਨ ਕਿਸਾਨਾਂ ਲਈ ਆਪਣੇ ਖਰਚੇ ਵੀ ਕੱਢਣ ਮੁਸ਼ਕਲ ਹੋ ਗਏ ਹਨ। ਕਈ ਕਿਸਾਨ ਕਰਜ਼ੇ ਵਿੱਚ ਡੁੱਬਣ ਦੇ ਕਗਾਰ ’ਤੇ ਪਹੁੰਚ ਗਏ ਹਨ ਅਤੇ ਆਉਣ ਵਾਲੇ ਸੀਜ਼ਨ ਲਈ ਬਿਜਾਈ ਕਿਵੇਂ ਕਰਨੀ ਹੈ, ਇਹ ਵੱਡੀ ਚਿੰਤਾ ਬਣੀ ਹੋਈ ਹੈ।
ਪਿੰਡ ਦੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇ ਸਮੇਂ ਸਿਰ ਮਦਦ ਨਾ ਮਿਲੀ ਤਾਂ ਬਹੁਤ ਸਾਰੇ ਕਿਸਾਨ ਆਰਥਿਕ ਤੌਰ ’ਤੇ ਟੁੱਟ ਸਕਦੇ ਹਨ। ਕਿਸਾਨਾਂ ਨੇ ਫਸਲ ਬੀਮਾ ਯੋਜਨਾ ਤਹਿਤ ਵੀ ਮੁਆਵਜ਼ਾ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਵੱਲੋਂ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਕੁੱਲ ਮਿਲਾ ਕੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਕਿਸਾਨ ਇਸ ਸਮੇਂ ਗਹਿਰੀ ਮੰਦਹਾਲੀ ਵਿੱਚ ਹਨ ਅਤੇ ਸਰਕਾਰੀ ਮਦਦ ਵੱਲ ਆਸ ਭਰੀ ਨਜ਼ਰ ਨਾਲ ਤੱਕ ਰਹੇ ਹਨ।