ਆਂਗਣਵਾੜੀ ਮੁਲਾਜ਼ਮਾਂ ਵੱਲੋਂ 1 ਮਈ ਤੋਂ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣ ਦਾ ਐਲਾਨ
Anganwadi Employees Union Punjab : ਤਰਨਤਾਰਨ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪੰਜਾਬ ਪ੍ਰਧਾਨ ਹਰਗੋਬਿੰਦ ਕੋਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਭੱਖਦੇ ਮਸਲਿਆਂ ਅਤੇ ਦਰਪੇਸ਼ ਮੁਸ਼ਕਲਾਂ ਨੂੰ ਵਿਚਾਰਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਗੋਬਿੰਦ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਚੋਣਾਂ ਸਮੇਂ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਅਤੇ ਮਾਣਭੱਤਾ ਦੁੱਗਣਾ ਕਰਨ ਅਤੇ ਕਈ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਪਰ ਮੰਗਾਂ ਤਾ ਪੂਰੀਆਂ ਕੀ ਕਰਨੀਆਂ ਸਨ, ਉਨ੍ਹਾਂ ਨੂੰ ਸਹੂਲਤਾਂ ਦੇਣ ਦੀ ਥਾਂ ਕੰਮ ਦਾ ਬੋਝ ਜ਼ਰੂਰ ਵਧਾ ਦਿੱਤਾ ਗਿਆ ਹੈ।
ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਤੋਂ ਪ੍ਰੀ-ਨਰਸਰੀ ਬੱਚਿਆਂ ਨੂੰ ਹਟਾ ਲਿਆ ਗਿਆ ਹੈ, ਪਰ ਆਨਲਾਈਨ ਕੰਮ ਲਈ ਸਮਾਰਟਫੋਨ ਤੱਕ ਮੁਹੱਈਆ ਨਹੀਂ ਕਰਵਾਇਆ ਗਿਆ। ਆਂਗਣਵਾੜੀ ਵਰਕਰ ਆਪਣੇ ਨਿੱਜੀ ਫੋਨਾਂ ਨਾਲ ਹੀ ਆਨਲਾਈਨ ਕੰਮ ਕਰ ਰਹੀਆਂ ਹਨ। ਹੁਣ ਸਰਕਾਰ ਵੱਲੋਂ “ਮਾਵਾਂ-ਧੀਆਂ ਸਕੀਮ” ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਲਈ ਸਮਾਰਟਫੋਨ ਦੀ ਲੋੜ ਹੈ, ਪਰ ਸਰਕਾਰ ਇਹ ਸਹੂਲਤ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਔਰਤਾਂ ਲਈ 1000 ਰੁਪਏ ਵਾਲੀ ਸਕੀਮ ਦੀ ਰਜਿਸਟ੍ਰੇਸ਼ਨ ਵੀ ਆਂਗਣਵਾੜੀ ਰਾਹੀਂ ਸਮਾਰਟਫੋਨ ਤੋਂ ਹੀ ਹੋਣੀ ਹੈ। ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਂਗਣਵਾੜੀ ਕੇਂਦਰਾਂ ਲਈ ਸਮਾਰਟਫੋਨ ਖਰੀਦ ਕੇ ਦੇਵੇ। ਜਦ ਤੱਕ ਸਮਾਰਟਫੋਨ ਨਹੀਂ ਮਿਲਦੇ, ਰਜਿਸਟ੍ਰੇਸ਼ਨ ਦਾ ਕੰਮ ਰੁਕਿਆ ਰਹੇਗਾ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਘੱਟ ਗੁਣਵੱਤਾ ਵਾਲਾ ਅਤੇ ਲੋੜ ਤੋਂ ਵੱਧ ਖਾਣਾ ਭੇਜਿਆ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੋ ਰਹੀ ਹੈ। ਇਸ ਲਈ ਘਟੀਆ ਅਤੇ ਵੱਧ ਮਾਤਰਾ ਵਿੱਚ ਭੇਜੇ ਜਾਣ ਵਾਲੇ ਖਾਣੇ ਨੂੰ ਰੋਕਿਆ ਜਾਵੇ।
ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਦੂਗਣਾ ਕਰਨ ਦੀ ਵੀ ਮੰਗ ਕੀਤੀ। ਹਰਗੋਬਿੰਦ ਕੌਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 1 ਮਈ ਤੋਂ ਆਂਗਣਵਾੜੀ ਵਰਕਰ ਹਲਕਾ ਵਿਧਾਇਕਾਂ ਦੇ ਘਰਾਂ ਦੇ ਬਾਹਰ ਧਰਨੇ ਲਗਾਉਣਗੇ।
- PTC NEWS