ਗੁਰਦਾਸਪੁਰ ’ਚ ਰੇਲਵੇ ਟਰੈਕ ’ਤੇ ਮੁੜ ਡਟੇ ਕਿਸਾਨ, ਦਿੱਤੀ ਸਰਕਾਰ ਨੂੰ ਚਿਤਾਵਨੀ

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਗੁਰਦਾਸਪੁਰ ’ਚ ਰੇਲਵੇ ਟਰੈਕ ’ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

By  Aarti February 22nd 2023 02:39 PM

ਰਵੀਬਖ਼ਸ਼ ਸਿੰਘ ਅਰਸ਼ੀ (ਗੁਰਦਾਸਪੁਰ, 22 ਫਰਵਰੀ): ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਗੁਰਦਾਸਪੁਰ ’ਚ ਰੇਲਵੇ ਟਰੈਕ ’ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੁਝ ਸਮਾਂ ਪਹਿਲਾਂ ਰੇਲਾਂ ਰੋਕੀਆਂ ਗਈਆਂ ਸੀ ਉਸ ਸਮੇਂ ‌ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਕਹਿ ਕੇ ‌ਸੰਘਰਸ਼ ਖ਼ਤਮ ਕਰਵਾ ਦਿੱਤਾ ਗਿਆ ਸੀ ਕਿ 15 ਫਰਵਰੀ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ ਪਰ ਕਿਸਾਨ 15 ਫਰਵਰੀ ਤੋਂ ਪੂਰੇ ਇੱਕ ਹਫ਼ਤੇ ਬਾਅਦ‌ ਦੁਬਾਰਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਰੇਲ ਰੋਕ ਰਹੇ ਹਨ।  

ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੇ ਬਕਾਏ ਨੂੰ ਲੈ ਕੇ ਹੈ ਜੋ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ‌ਕਰੀਬ ਹੋ ਚੁੱਕਿਆ ਹੈ। ਕਿਸਾਨ ਸਿਰਫ਼ ਫ਼ਸਲ ਦੇ ਸਿਰ ’ਤੇ ਹੀ ਹੈ ‌ਅਤੇ ਜੇ ਉਸਨੂੰ ਫਸਲ ਦਾ ਮੁੱਲ ਵੀ ਸਮੇਂ ਸਿਰ ਨਹੀਂ ਮਿਲੇਗਾ ਤਾਂ ਫਿਰ ਉਹ ਕਿੱਥੇ ਜਾਵੇਗਾ? ਇਸ ਤੋਂ ਇਲਾਵਾ ਹਾਈਵੇ ਅਤੇ ਐਕਸਪ੍ਰੈਸ ਵੇਅ ਵਿਚ ਆਉਂਦੀਆਂ ਜ਼ਮੀਨਾਂ ਦੇ ਵਾਜਬ ਅਤੇ ਵੇਲੇ ਸਿਰ ਮੁਆਵਜ਼ੇ ਦਵਾਉਣਾ ਵੀ ਇਸ ਸੰਘਰਸ਼ ਦਾ ਮੁੱਖ ਏਜੰਡਾ ਹੈ।  

ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖਿਲਾਫ਼ ਕਾਰਵਾਈ ਕਰਕੇ ਜਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਬਚਾਉਣਾ ਵੀ ਕਿਸਾਨਾਂ ਦੀ ਲੜਾਈ ’ਚ ਸ਼ਾਮਲ ਹੈ। ਪੁਲਿਸ ਕਿਲੋ ਦੇ ਹਿਸਾਬ ਨਾਲ ਨਸ਼ਾ ਫੜ ਰਹੀ ਹੈ ਜਦਕਿ ਪੰਜਾਬ ਵਿੱਚ ਟਨਾਂ ਦੇ ਹਿਸਾਬ ਨਾਲ ਨਸ਼ਾ ਆ ਰਿਹਾ ਹੈ। ਇਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਨਹੀਂ ਕਿਹਾ ਜਾ ਸਕਦਾ ਕਿਉਂਕਿ ‌ਜਦੋਂ ਤੱਕ ਵੱਡੇ ਸੌਦਾਗਰ ਫੜੇ ਨਹੀਂ ਜਾਂਦੇ ਨਸ਼ਾ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋ ਸਕਦਾ।

ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣਾ ਅਤੇ ਜਨਹਿਤ ਦੇ ਹੋਰ ਕਈ ਮੁੱਦੇ ਵੀ ਕਿਸਾਨਾਂ ਨੇ ਆਪਣੇ ਇਸ ਸੰਘਰਸ਼ ਵਿੱਚ ਸ਼ਾਮਲ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਪ੍ਰਸ਼ਾਸਨ ਅਤੇ ਸਰਕਾਰ ਉੱਤੇ ਹੀ ਕਿ ਇਹ ਅੰਦੋਲਨ ਕਦੋਂ ਤੱਕ ਚੱਲੇਗਾ।

ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਨੇ ਬ੍ਰਹਮ ਮਹਿੰਦਰਾ ਨੂੰ ਕੀਤਾ ਤਲਬ

Related Post