Ahmedabad Plane crash : ''ਪਤਨੀ ਦੀ ਮੌਤ ਪਿੱਛੋਂ ਉਸ ਦੀ ਆਖਰੀ ਇੱਛਾ ਪੂਰੀ ਕਰਕੇ ਬੱਚਿਆਂ ਕੋਲ ਜਾ ਰਿਹਾ ਸੀ ਲੰਡਨ...ਪਰ'' ਰੌਂਗਟੇ ਖੜੇ ਕਰਦੀ ਹੈ ਅਰਜੁਨਭਾਈ ਦੀ ਕਹਾਣੀ
Ahmedabad Plane Crash : ਏਅਰ ਇੰਡੀਆ ਦੇ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਇਹ ਹਾਲ ਹੀ ਦੇ ਸਾਲਾਂ ਦੇ ਸਭ ਤੋਂ ਵੱਡੇ ਜਹਾਜ਼ ਹਾਦਸਿਆਂ ਵਿੱਚੋਂ ਇੱਕ ਹੈ, ਜਿਸ ਵਿੱਚ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੁਖਦਾਈ ਹਾਦਸੇ ਤੋਂ ਬਹੁਤ ਸਾਰੀਆਂ ਦਰਦਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ, ਪਰ ਇੱਕ ਅਰਜੁਨਭਾਈ ਮਨੂਭਾਈ ਪਟੋਲੀਆ (Arjunbhai Patolia Story) ਦੀ ਕਹਾਣੀ ਨੇ ਵੱਡੇ-ਵੱਡੇ ਪੱਥਰ ਦਿਲਾਂ ਨੂੰ ਵੀ ਹਾਅ ਦਾ ਨਾਅਰਾ ਮਾਰਨ ਲਈ ਮਜਬੂਰ ਕਰ ਦਿੱਤਾ ਹੈ।
ਮ੍ਰਿਤਕ ਪਤਨੀ ਦੀ ਆਖਰੀ ਇੱਛਾ ਪੂਰੀ ਕਰਨ ਆਇਆ ਸੀ ਭਾਰਤ
ਅਰਜੁਨਭਾਈ, ਗੁਜਰਾਤ ਦੇ ਅਰਮੇਲੀ ਜ਼ਿਲ੍ਹੇ ਦੇ ਵਾਡੀਆ ਪਿੰਡ ਦੇ ਰਹਿਣ ਵਾਲਾ ਸੀ, ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਲੰਡਨ ਵਿੱਚ ਰਹਿ ਰਹੇ ਸਨ। ਹਾਲ ਹੀ ਵਿੱਚ ਉਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਉਪਰੰਤ ਅਰਜੁਨਭਾਈ ਆਪਣੀ ਪਤਨੀ ਦੀ ਆਖਰੀ ਇੱਛਾ ਪੂਰੀ ਕਰਨ ਲਈ, ਉਸ ਦੀਆਂ ਅਸਥੀਆਂ ਭਾਰਤ ਲੈ ਆਇਆ ਤਾਂ ਜੋ ਉਹ ਆਪਣੇ ਪਿੰਡ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਸਕੇ।
ਬਹੁਤ ਹੀ ਦੁਖੀ ਮਨ ਨਾਲ ਉਸ ਨੇ ਆਪਣੀ ਪਤਨੀ ਦੀ ਆਖਰੀ ਇੱਛਾ ਪੂਰੀ ਕੀਤੀ ਸੀ ਅਤੇ 12 ਜੂਨ ਨੂੰ ਏਅਰ ਇੰਡੀਆ ਦੀ ਉਡਾਣ AI171 ਰਾਹੀਂ ਆਪਣੇ ਬੱਚਿਆਂ ਨਾਲ ਰਹਿਣ ਲਈ ਲੰਡਨ ਲਈ ਰਵਾਨਾ ਹੋਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਲਿਖਿਆ ਸੀ। ਜਹਾਜ਼ ਉਡਾਣ ਪਿੱਛੋਂ ਸਕਿੰਟਾਂ ਵਿੱਚ ਹੀ ਇੱਕ ਮੈਡੀਕਲ ਹੋਸਟਲ ਨਾਲ ਟਕਰਾ ਗਿਆ, ਜਿਸ ਨਾਲ ਨਾ ਸਿਰਫ਼ ਯਾਤਰੀਆਂ ਦੀ ਮੌਤ ਹੋ ਗਈ, ਸਗੋਂ ਬਹੁਤ ਸਾਰੇ ਵਿਦਿਆਰਥੀ ਅਤੇ ਸਥਾਨਕ ਲੋਕ ਵੀ ਮਾਰੇ ਗਏ।
ਸਿਰਫ਼ ਇੱਕ ਯਾਤਰੀ, ਜੋ ਸੀਟ 11A 'ਤੇ ਬੈਠਾ ਸੀ, ਹਾਦਸੇ ਤੋਂ ਬਚ ਗਿਆ। ਪਰ ਅਰਜੁਨਭਾਈ ਸਮੇਤ ਸੈਂਕੜੇ ਲੋਕਾਂ ਦੀ ਯਾਤਰਾ ਹਮੇਸ਼ਾ ਲਈ ਅਧੂਰੀ ਰਹੀ। ਉਨ੍ਹਾਂ ਦੀ ਮੌਤ ਨੇ ਉਨ੍ਹਾਂ ਦੇ ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ ਅਤੇ ਪੂਰਾ ਦੇਸ਼ ਡੂੰਘੇ ਸੋਗ ਵਿੱਚ ਹੈ।
- PTC NEWS