ਕਿਸਾਨਾਂ ਦੀ ਅਹਿਮ ਇੱਕਤਰਤਾ ਮਗਰੋਂ ਵੱਡਾ ਫੈਸਲਾ, ਰਾਜਪਾਲ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

By  Jasmeet Singh November 19th 2022 03:55 PM

ਨਵੀਨ ਸ਼ਰਮਾ, (ਲੁਧਿਆਣਾ, 19 ਨਵੰਬਰ): ਅੱਜ ਲੁਧਿਆਣਾ ਦੇ ਬੱਸ ਸਟੈਂਡ ਸਥਿਤ ਭਾਰਤੀ ਕਿਸਾਨ ਯੂਨੀਅਨ ਦੇ ਦਫਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਦੌਰਾਨ ਕਿਸਾਨਾਂ ਨੇ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਦਿਆਂ ਮੀਟਿੰਗ ਦੇ ਏਜੰਡੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਮ.ਐਸ.ਪੀ, ਬਿਜਲੀ ਸ਼ੋਧ ਬਿੱਲ ਅਤੇ ਲਖੀਮਪੁਰ ਖੀਰੀ ਕਾਂਡ 'ਚ ਇਨਸਾਫ਼ ਦੀ ਘਾਟ ਸਮੇਤ ਕਈ ਅਹਿਮ ਮੁੱਦੇ ਹਨ। ਜਿਨ੍ਹਾਂ ਸਬੰਧੀ ਕੇਂਦਰ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਨੂੰ ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਲਈ ਵੀ ਕੋਸਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਰਾਏ, ਜੋਗਿੰਦਰ ਸਿੰਘ ਉਗਰਾਹਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ 'ਵਿਜੇ ਦਿਵਸ' ਹੈ ਅਤੇ ਇਸ ਤੋਂ ਇਲਾਵਾ 26 ਨਵੰਬਰ ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਰਾਜਪਾਲ ਨੂੰ ਵਿਸ਼ੇਸ਼ ਮੁੱਦਿਆਂ ਨੂੰ ਲੈਕੇ ਮੰਗ ਪੱਤਰ ਸੌਂਪਿਆਂ ਜਾਵੇਗਾ, ਇਸ ਮੰਗ ਪੱਤਰ ਵਿੱਚ ਐਮਐਸਪੀ, ਬਿਜਲੀ ਸੋਧ ਬਿੱਲ, ਗੰਨੇ ਦੇ ਬਕਾਏ ਸਮੇਤ ਕਈ ਮੁੱਦਿਆਂ 'ਤੇ ਰਾਜਪਾਲ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਅਸਲਾ ਲਾਇਸੰਸਾਂ ਨੂੰ ਲੈ ਕੇ ਐਕਸ਼ਨ 'ਚ ਪ੍ਰਸ਼ਾਸਨ, ਪਟਿਆਲਾ 'ਚ 274 ਲਾਇਸੰਸ ਮੁਅੱਤਲ

ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਪਹਿਲਾਂ ਵੀ ਕਈ ਵਾਰ ਜ਼ਿਲ੍ਹਾ ਪੱਧਰ ’ਤੇ ਧਰਨੇ ਦਿੱਤੇ ਜਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 2024 ਐਮ.ਪੀ. ਚੋਣਾਂ ਦੌਰਾਨ ਪੰਜਾਬ ਭਰ 'ਚ ਪਿੰਡ-ਪਿੰਡ ਆਉਣ ਵਾਲੇ ਆਗੂਆਂ ਦੀ ਘੇਰਾਬੰਦੀ ਕੀਤੀ ਜਾਵੇਗੀ। 

ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਮਾਰਚ ਕੱਢਣ ਦੀ ਗੱਲ ਵੀ ਆਖੀ ਅਤੇ ਕਿਹਾ ਕਿ ਉਹ ਰਾਜ ਸਭਾ ਅਤੇ ਸੰਸਦ ਦਾ ਘਿਰਾਓ ਵੀ ਕਰ ਸਕਦੇ ਹਨ।

Related Post