Fazilka News : ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨ ਤੇ ਪਿਓ ਦਾ ਕਤਲ , ਘਰੋਂ ਨਿਕਲਦੇ ਹੀ ਘੇਰ ਕੇ ਕੀਤਾ ਹਮਲਾ

Fazilka News : ਫਾਜ਼ਿਲਕਾ ਵਿੱਚ ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਇੱਕ ਗੁਆਂਢੀ ਪਰਿਵਾਰ ਨੇ ਉਸਨੂੰ ਘਰ ਦੇ ਬਾਹਰ ਘੇਰ ਲਿਆ ਅਤੇ ਉਸਦੀ ਗਰਦਨ ਅਤੇ ਸਿਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਹਮਲਾ ਕਰਨ ਵਾਲੇ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਫਰਾਰ ਹੈ

By  Shanker Badra December 8th 2025 05:49 PM

Fazilka News : ਫਾਜ਼ਿਲਕਾ ਵਿੱਚ ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਇੱਕ ਗੁਆਂਢੀ ਪਰਿਵਾਰ ਨੇ ਉਸਨੂੰ ਘਰ ਦੇ ਬਾਹਰ ਘੇਰ ਲਿਆ ਅਤੇ ਉਸਦੀ ਗਰਦਨ ਅਤੇ ਸਿਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਹਮਲਾ ਕਰਨ ਵਾਲੇ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਫਰਾਰ ਹੈ।  

ਪੁਲਿਸ ਅਨੁਸਾਰ ਭੰਗਾਲਾ ਪਿੰਡ ਦਾ ਇੱਕ ਨੌਜਵਾਨ ਕੁਝ ਸਮੇਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਸ ਦਾ ਉਲਾਭਾ ਲੈ ਕੇ ਉਹ ਉਸਦੇ ਘਰ ਜਾ ਰਿਹਾ ਸੀ। ਇਸ ਦੌਰਾਨ ਉਸ 'ਤੇ ਹਮਲਾ ਕਰ ਦਿੱਤਾ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਬਲਕਾਰ ਸਿੰਘ ਮਜ਼ਦੂਰੀ ਕਰਦਾ ਸੀ। ਉਸਦੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ ਅਤੇ ਸਖ਼ਤ ਕਾਰਵਾਈ ਕਰੇ।

ਜਾਣਕਾਰੀ ਅਨੁਸਾਰ ਬਲਕਾਰ ਸਿੰਘ ਐਤਵਾਰ ਨੂੰ ਪਿੰਡ ਵਿੱਚ ਇੱਕ ਵਿਆਹ ਸਮਾਰੋਹ ਲਈ ਇੱਕ ਰਿਸ਼ਤੇਦਾਰ ਦੇ ਘਰ ਗਿਆ ਸੀ। ਓਥੇ ਹੀ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਪ੍ਰੇਸ਼ਾਨ ਹੋ ਕੇ ਬਲਕਾਰ ਸਿੰਘ ਵਿਆਹ ਛੱਡ ਕੇ ਘਰ ਵਾਪਸ ਆ ਗਿਆ। ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਸ਼ਾਮ 5 ਵਜੇ ਉਸਦਾ ਪਤੀ ਸ਼ਿਕਾਇਤ ਕਰਨ ਲਈ ਮਨਜਿੰਦਰ ਸਿੰਘ ਉਰਫ਼ ਮਨੀ ਦੇ ਘਰ ਜਾ ਰਿਹਾ ਸੀ। 

ਘਰ ਦੇ ਬਾਹਰ ਹੀ ਨੌਜਵਾਨ ਮਨਜਿੰਦਰ ਸਿੰਘ ਉਰਫ਼ ਮਨੀ, ਉਸਦੇ ਭਰਾ ਤਰਸੇਮ ਸਿੰਘ, ਪਿਤਾ ਚੰਦ ਸਿੰਘ ਅਤੇ ਮਾਂ ਹਰਪ੍ਰੀਤ ਕੌਰ ਨੇ ਬਲਕਾਰ ਸਿੰਘ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਸ ਦੀ ਗਰਦਨ ਅਤੇ ਸਿਰ 'ਤੇ ਕਈ ਵਾਰ ਕੀਤੇ। ਦੋਸ਼ੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਫਰਾਰ ਹੈ। ਪਰਿਵਾਰ ਦੇ ਅਨੁਸਾਰ ਲੜਕਾ ਕਾਫ਼ੀ ਸਮੇਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ 12ਵੀਂ ਪਾਸ ਕਰਨ ਤੋਂ ਬਾਅਦ ਘਰ ਹੀ ਰਹਿ ਰਹੀ ਸੀ ਅਤੇ ਪੜ੍ਹਾਈ ਨਹੀਂ ਕਰ ਰਹੀ ਸੀ।

ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਰਵਿੰਦਰ ਸ਼ਰਮਾ ਨੇ ਕਿਹਾ ਕਿ ਲੜਕੀ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਤਿੰਨ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਚਾਰਾਂ ਵਿੱਚੋਂ ਇੱਕ ਨੂੰ ਦੇਰ ਸ਼ਾਮ ਤੱਕ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


 

Related Post