ਫਾਜ਼ਿਲਕਾ ਪੁਲਿਸ ਨੇ 31 ਕਿਲੋ ਹੈਰੋਇਨ ਸਣੇ 2 ਮੁਲਜ਼ਮ ਕੀਤੇ ਕਾਬੂ

By  Aarti January 7th 2023 03:47 PM

ਫਾਜ਼ਿਲਕਾ: ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦ ਪਾਰ ਤੋਂ ਹੋ ਰਹੀ ਨਸ਼ੇ ਦੀ ਤਸਕਰੀ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਫਾਜ਼ਿਲਕਾ ’ਚ ਪੰਜਾਬ ਪੁਲਿਸ ਨੇ ਬੀਐਸਐਫ ਦੇ ਨਾਲ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ 31 ਕਿਲੋ ਹੈਰੋਇਨ ਦੇ 29 ਪੈਕੇਟ ਬਰਾਮਦ ਕੀਤੇ ਅਤੇ ਦੋ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ। 

ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ 2 ਨਸ਼ਾ ਤਸਕਰਾਂ ਨੂੰ 31.02 ਕਿਲੋਗ੍ਰਾਮ ਹੈਰੋਇਨ ਦੇ ਨਾਲ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਦੇ ਲਿੰਕ ਹੋਰ ਕਿੱਥੇ ਕਿੱਥੇ ਹਨ ਇਸ ਸਬੰਧੀ ਪਤਾ ਲਗਾਉਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ। 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮਾਮਲੇ ’ਚ ਪਠਾਨਕੋਟ ਚ ਸਿਪਾਹੀ ਦੇ ਅਹੁਦੇ ’ਤੇ ਤੈਨਾਤ ਫੌਜ ਦੇ 26 ਸਾਲਾਂ ਜਵਾਨ ਨੂੰ ਉਸਦੇ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਦੇ ਨਾਲ ਫਾਜ਼ਿਲਕਾ ਦੇ ਪਿੰਡ ਮਹਲਮ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਹੁੰਡਈ ਵਰਨਾ ਕਾਰ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। 

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਬੀਐਸਐਫ ਦੇ ਨਾਲ ਇੱਕ ਚੰਗੀ ਤਰ੍ਹਾਂ ਤਾਲਮੇਲ ਵਾਲੀ ਕਾਰਵਾਈ ਵਿੱਚ, ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਨੇ ਸਦਰ ਫਾਜ਼ਿਲਕਾ ਦੇ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਵਰਨਾ ਕਾਰ ਦੀ ਚੈਕਿੰਗ ਕਰਨ 'ਤੇ, ਇੱਕ ਕਾਰ ਸਵਾਰ ਨੇ ਭਾਰਤੀ ਫੌਜ ਦਾ ਆਈਡੀ ਕਾਰਡ ਦਿਖਾਇਆ ਅਤੇ ਜਦੋਂ ਪੁਲਿਸ ਨੇ ਵਾਹਨ ਦੀ ਜਾਂਚ ਕਰਨ ਲਈ ਜ਼ੋਰ ਪਾਇਆ ਤਾਂ ਉਹ ਕਾਰ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ,ਪਰ ਤੁਰੰਤ ਹੀ ਪੁਲਿਸ ਟੀਮਾਂ ਨੇ ਸਾਰੇ ਨਾਕਿਆਂ ਨੂੰ ਮਜ਼ਬੂਤ ਕੀਤਾ ਅਤੇ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਗੱਡੀ ਦੀ ਤਲਾਸ਼ੀ ਦੌਰਾਨ 29 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਸੀ। 

ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸ਼ੀ ਪਾਈਪ ਦੀ ਮਦਦ ਨਾਲ ਸਰਹੱਦੀ ਕੰਡਿਆਲੀ ਤਾਰ ਰਾਹੀਂ ਪਾਕਿਸਤਾਨ ਸਥਿਤ ਸਮੱਗਲਰਾਂ ਵੱਲੋਂ ਭੇਜੀ ਗਈ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਸਰਹੱਦੀ ਜ਼ਿਲ੍ਹੇ ਤੋਂ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।

-ਰਿਪੋਰਟਰ ਦਲਜੀਤ ਸਿੰਘ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Amazon India 'ਚ ਛਾਂਟੀ ਦੀ ਸੰਭਾਵਨਾ, 1000 ਕਰਮਚਾਰੀਆਂ ’ਤੇ ਡਿੱਗ ਸਕਦੀ ਹੈ ਗਾਜ਼

Related Post