Sohana Kabbadi Cup Firing : ਸੋਹਾਣਾ ਚ ਕਬੱਡੀ ਕੱਪ ਦੌਰਾਨ ਤਾਬੜਤੋੜ ਗੋਲੀਬਾਰੀ, ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ

Sohana Kabbadi Cup Firing : ਹਮਲਾਵਰਾਂ ਵੱਲੋਂ ਗੋਲੀਬਾਰੀ ਦੀ ਇਹ ਘਟਨਾ ਪੰਜਾਬ ਗਾਇਕ ਮਨਕੀਰਤ ਔਲਖ ਦੇ ਕਬੱਡੀ ਕੱਪ 'ਚ ਪਹੁੰਚਣ ਤੋਂ ਪਹਿਲਾਂ ਕੀਤੀ ਗਈ। ਗੋਲੀਬਾਰੀ ਉਪਰੰਤ, ਮੁਲਜ਼ਮ ਫਾਈਰਿੰਗ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

By  KRISHAN KUMAR SHARMA December 15th 2025 06:43 PM -- Updated: December 15th 2025 07:58 PM

Sohana Kabbadi Cup Firing : ਮੋਹਾਲੀ ਦੇ ਸੋਹਾਣਾ 'ਚ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਗੋਲੀਬਾਰੀ ਹੋਣ ਦੀ ਖ਼ਬਰ ਹੈ। ਗੋਲੀਬਾਰੀ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪਰੰਤੂ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਹਮਲਾਵਰਾਂ ਵੱਲੋਂ ਗੋਲੀਬਾਰੀ ਦੀ ਇਹ ਘਟਨਾ ਪੰਜਾਬ ਗਾਇਕ ਮਨਕੀਰਤ ਔਲਖ ਦੇ ਕਬੱਡੀ ਕੱਪ 'ਚ ਪਹੁੰਚਣ ਤੋਂ ਪਹਿਲਾਂ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਿਸੇ ਕਬੱਡੀ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ 5-6 ਦੇ ਲਗਭਗ ਗੋਲੀਆਂ ਫਾਇਰ ਕੀਤੇ ਗਏ, ਜਿਸ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਗੋਲੀ ਵੱਜੀ।

ਸੈਲਫੀ ਬਹਾਨੇ ਪ੍ਰਮੋਟਰ ਕੋਲ ਪਹੁੰਚੇ ਹਮਲਾਵਰ ਤੇ ਚਲਾਈਆਂ ਗੋਲੀਆਂ

ਰਿਪੋਰਟਾਂ ਅਨੁਸਾਰ, ਇਹ ਘਟਨਾ ਸੈਕਟਰ 82 ਦੇ ਮੈਦਾਨ ਵਿੱਚ ਵਾਪਰੀ, ਜਿੱਥੇ ਇੱਕ ਕਬੱਡੀ ਮੈਚ ਚੱਲ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾਂ ਇਹ ਪਟਾਕਿਆਂ ਦੀ ਆਵਾਜ਼ ਵਾਂਗ ਜਾਪਿਆ, ਪਰ ਉਪਰੰਤ ਲਗਾਤਾਰ ਛੇ ਰਾਉਂਡ ਫਾਇਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਕਬੱਡੀ ਖਿਡਾਰੀ ਮੈਦਾਨ ਵਿੱਚ ਖੇਡ ਰਹੇ ਸਨ ਅਤੇ ਦਰਸ਼ਕ ਮੈਚ ਦਾ ਆਨੰਦ ਮਾਣ ਰਹੇ ਸਨ। ਇਸ ਦੌਰਾਨ ਹੀ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਪ੍ਰਮੋਟਰ ਰਾਣਾ ਬਲਾਚੌਰੀ ਕੋਲ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਉਸ ਦੇ ਸਿਰ 'ਚ ਗੋਲੀ ਮਾਰ ਦਿੱਤੀ।

ਇਹ ਚਾਰ ਰੋਜ਼ਾ ਕਬੱਡੀ ਕੱਪ ਕਬੱਡੀ ਕੱਪ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੇਦਵਾਨ ਸਪੋਰਟਸ ਕਲੱਬ, ਸੋਹਾਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ 'ਚ ਬਲੈਰੋ ਸਵਾਰਾਂ ਵੱਲੋਂ ਇਸ ਅੰਨ੍ਹੇਵਾਹ ਫਾਈਰਿੰਗ ਨਾਲ ਹੜਕੰਪ ਮੱਚ ਗਿਆ। ਗੋਲੀਬਾਰੀ ਉਪਰੰਤ, ਮੁਲਜ਼ਮ ਫਾਈਰਿੰਗ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਨੂੰ ਚੈਕ ਕੀਤਾ ਜਾ ਰਿਹਾ ਹੈ।

ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਸਿਰਫ਼ ਖਿਡਾਰੀ ਨੂੰ ਹੀ ਗੋਲੀ ਲੱਗੀ ਸੀ। ਜਦੋਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਅਪਰਾਧੀਆਂ ਨੇ 2-3 ਗੋਲੀਆਂ ਚਲਾਈਆਂ। ਦੁਸ਼ਮਣੀ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਗੈਂਗਸਟਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਤਾਪ ਬਾਜਵਾ ਨੇ ਸੀਐਮ ਮਾਨ ਨੂੰ ਘੇਰਿਆ

ਪੰਜਾਬ 'ਚ ਕਬੱਡੀ ਖਿਡਾਰੀ ਦੇ ਕਤਲ ਦੀ ਇਸ ਵਾਰਦਾਤ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ।


ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਘੇਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਪੂਰੀ ਤਰ੍ਹਾਂ ਫੇਲੀਅਰ ਹੈ, ਖੇਡ ਦੇ ਮੈਦਾਨ, ਗੋਲੀਬਾਰੀ ਦੇ ਅਖਾੜੇ ਬਣ ਗਏ ਹਨ ਤੇ ਅਪਰਾਧੀ ਫਰਾਰ ਘੁੰਮ ਰਹੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੀਐਮ ਮਾਨ ਨੇ ਕੰਟਰੋਲ ਗੁਆ ਦਿੱਤਾ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ।

Related Post