ਪਹਿਲਾਂ ਭਗਵੰਤ ਮਾਨ ਹੈਰੀਟੇਜ ਸਟ੍ਰੀਟ ’ਤੇ ਆਪਣੇ ਪ੍ਰਚਾਰ ਦੇ ਲਾਈਵ ਪ੍ਰਸਾਰਣ ਨੂੰ ਬੰਦ ਕਰਵਾਉਣ: ਅਕਾਲੀ ਦਲ

ਮੁੱਖ ਮੰਤਰੀ ਪਹਿਲਾਂ ਪੰਜਾਬੀਆਂ ਨੂੰ ਦੱਸਣ ਕਿ ਲਾਲ ਚੰਦ ਕਟਾਰੂਚੱਕ ਤੇ ਦੀਪ ਕੰਬੋਜ ਦੇ ਮਾਮਲੇ ਵਿਚ ਉਹਨਾਂ ਕੀ ਕਾਰਵਾਈ ਕੀਤੀ: ਵਿਰਸਾ ਸਿੰਘ ਵਲਟੋਹਾ

By  Jasmeet Singh May 21st 2023 09:46 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਧਾ ਹੱਲਾ ਬੋਲਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਣ ਦੇ ਲਾਈਵ ਪ੍ਰਸਾਰਣ ਦੇ ਮਾਮਲੇ ’ਤੇ ਬੋਲਣ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ’ਤੇ ਲੱਗੀਆਂ ਲਾਈਵ ਸਕਰੀਨਾਂ ’ਤੇ ਆਪਣਾ ਪ੍ਰਚਾਰ ਤੇ ਪ੍ਰਸਾਰ ਬੰਦ ਕਰਵਾਉਣ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹਨਾਂ ਦਾ ਧਾਰਮਿਕ ਮਾਮਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਵਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਸਿੱਖ ਸੰਸਥਾਵਾਂ ’ਤੇ ਹਮਲੇ ਕਰਨ ਦੇ ਮੁੱਖ ਮੰਤਰੀ ਨੂੰ ਉਹਨਾਂ ਸਟ੍ਰੀਟ ਲਾਈਟਾਂ ’ਤੇ ਆਪਣੀ ਸਰਕਾਰ ਦਾ ਪ੍ਰਚਾਰ ਬੰਦ ਕਰਵਾਉਣਾ ਚਾਹੀਦਾ ਹੈ ਜੋ ਹੈਰੀਟੇਜ ਸਟ੍ਰੀਟ ਵਿਚ ਗੁਰਬਾਣੀ ਦੇ ਲਾਈਵ ਕੀਰਤਨ ਵਾਸਤੇ ਲੱਗੀਆਂ ਹਨ।

ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਹ ਹੈਰੀਟੇਜ ਸਟ੍ਰੀਟ ਬਣਾਈ ਗਈ ਸੀ ਤੇ ਇਸ ’ਤੇ ਵੱਡੀਆਂ ਸਕਰੀਨਾਂ ਲਗਵਾਈਆਂ ਗਈਆਂ ਸਨ ਤਾਂ ਜੋ ਇਸ ਸਟ੍ਰੀਟ ’ਤੇ ਮੌਜੂਦ ਸੰਗਤ ਗੁਰਬਾਣੀ ਦਾ ਲਾਈਵ ਕੀਰਤਨ ਸਰਵਣ ਕਰ ਸਕੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਇਹਨਾਂ ਸਕਰੀਨਾਂ ’ਤੇ ਆਪਣੀਆਂ ਪ੍ਰਾਪਤੀਆਂ ਦੇ ਸਿਹਰੇ ਗਿਣਾ ਰਹੀ ਹੈ ਜਦੋਂ ਕਿ ਇਹ ਨਿਰੋਲ ਧਾਰਮਿਕ ਕਾਰਜਾਂ ਵਾਸਤੇ ਲਗਾਈਆਂ ਗਈਆਂ ਸਨ।

'ਆਪ' ਸਰਕਾਰ ’ਤੇ ਵਰ੍ਹਦਿਆਂ ਵਲਟੋਹਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ 2022 ਦੇ ਅਬੋਹਰ ਤੋਂ ਉਮੀਦਵਾਰ ਰਹੇ ਦੀਪ ਕੰਬੋਜ ਉੱਤੇ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਹੋਇਆ ਹੈ। ਉਹਨਾਂ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਇਕ ਤੋਂ ਇਕ ਬਾਅਦ ਇਕ 'ਆਪ' ਆਗੂ ਇਸ ਤਰੀਕੇ ਦੇ ਸੰਗੀਨ ਦੋਸ਼ਾਂ ਵਿਚ ਘਿਰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ ਮੰਤਰੀ ਕਟਾਰੂਚੱਕ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ ਬਲਕਿ ਹੁਣ ਇਹ ਨਵਾਂ ਮਾਮਲਾ ਲੋਕਾਂ ਸਾਹਮਣੇ ਆ ਗਿਆ ਹੈ।

ਮੀਡੀਆ ਦੀ ਆਜ਼ਾਦੀ ’ਤੇ ਰੋਕ ਲਾਉਣ ਲਈ 'ਆਪ' ਸਰਕਾਰ ਨੂੰ ਘੇਰਦਿਆਂ ਵਲਟੋਹਰਾ ਨੇ ਕਿਹਾ ਕਿ ਇਕ ਕੌਮੀ ਮੀਡੀਆ ਚੈਨਲ ਦੀ ਅਣਵਿਆਹੀ ਪੱਤਰਕਾਰ ਨੂੰ ਇਕ ਝੂਠੇ ਕੇਸ ਵਿਚ ਸਿਰਫ ਇਸ ਕਰ ਕੇ ਫਸਾਇਆ ਗਿਆ ਕਿਉਂਕਿ ਉਸਨੇ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੇ ਸ਼ੀਸ਼ਮਹਿਲ ਨੂੰ ਬੇਨਕਾਬ ਕੀਤਾ ਸੀ। ਉਹਨਾਂ ਕਿਹਾ ਕਿ ਇਸ ਤਰੀਕੇ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਆਪ ਸਰਕਾਰ ਮੀਡੀਆ ਦਾ ਗਲਾ ਘੁੱਟ ਰਹੀ ਹੈ ਤੇ ਇਹ ਬੇਹੱਦ ਨਿੰਦਣਯੋਗ ਹੈ। 

CBI ਨੇ 1984 ਸਿੱਖ ਨਸਲਕੁਸ਼ੀ 'ਚ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਕੀਤੀ ਚਾਰਜਸ਼ੀਟ

Related Post