ਭਾਰਤੀ ਹਵਾਈ ਸੈਨਾ ਦਾ ਪਹਿਲਾ ਵਿਰਾਸਤੀ ਅਜਾਇਬ ਕੇਂਦਰ; ਫਲਾਈਟ ਸਿਮੂਲੇਟਰ ਰਾਹੀਂ ਮਿਲੇਗਾ ਅਸਲ ਲੜਾਕੂ ਜਹਾਜ਼ ਨੂੰ ਉਡਾਉਣ ਵਰਗਾ ਅਨੁਭਵ

By  Jasmeet Singh May 8th 2023 03:48 PM

ਚੰਡੀਗੜ੍ਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ (ਅੱਜ) ਚੰਡੀਗੜ੍ਹ ਵਿੱਚ ਪਹਿਲੇ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ। ਇਸ ਵਿਰਾਸਤੀ ਕੇਂਦਰ ਦੀ ਸਥਾਪਨਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਭਾਰਤੀ ਹਵਾਈ ਸੈਨਾ ਦਰਮਿਆਨ ਪਿਛਲੇ ਸਾਲ ਹੋਏ ਸਮਝੌਤੇ ਤਹਿਤ ਕੀਤੀ ਗਈ ਹੈ। ਰਾਜਨਾਥ ਸਿੰਘ ਨੇ ਹੈਰੀਟੇਜ ਸੈਂਟਰ ਵਿਖੇ ਪ੍ਰਦਰਸ਼ਿਤ ਭਾਰਤੀ ਹਵਾਈ ਸੈਨਾ ਦੇ ਅਮੀਰ ਇਤਿਹਾਸ ਨੂੰ ਦੇਖਿਆ ਅਤੇ ਇਸਦੀ ਪ੍ਰਸ਼ੰਸਾ ਕੀਤੀ।


ਦੇਸ਼ ਦਾ ਪਹਿਲਾ ਵਿਰਾਸਤੀ ਅਜਾਇਬ ਘਰ
ਇਹ ਭਾਰਤੀ ਹਵਾਈ ਸੈਨਾ ਦਾ ਪਹਿਲਾ ਵਿਰਾਸਤੀ ਅਜਾਇਬ ਘਰ ਹੈ, ਜਿਸ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਏਅਰ ਫੋਰਸ ਹੈਰੀਟੇਜ ਸੈਂਟਰ 'ਚ ਲੋਕ ਹਵਾਈ ਜਹਾਜ਼ 'ਚ ਉਡਾਣ ਭਰਨ ਵਰਗਾ ਅਨੁਭਵ ਵੀ ਲੈ ਸਕਣਗੇ। ਇਸ ਨੂੰ ਚੰਡੀਗੜ੍ਹ ਦੇ ਸੈਕਟਰ 18 ਵਿੱਚ ਤਿਆਰ ਕੀਤਾ ਗਿਆ ਹੈ।


ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਦਿੱਤੀ ਗਈ ਥਾਂ
ਇਸ ਏਅਰਫੋਰਸ ਹੈਰੀਟੇਜ ਸੈਂਟਰ ਵਿੱਚ ਭਾਰਤੀ ਹਵਾਈ ਸੈਨਾ ਨੇ ਕਿਵੇਂ ਤਰੱਕੀ ਕੀਤੀ ਹੈ, ਉਹ ਸਾਰੀਆਂ ਚੀਜ਼ਾਂ ਬਹੁਤ ਹੀ ਸਰਲ ਤਕਨੀਕ ਦੀ ਮਦਦ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਹੈਰੀਟੇਜ ਮਿਊਜ਼ੀਅਮ ਦੇ ਅੰਦਰ ਏਅਰਫੋਰਸ ਦੇ ਸਾਰੇ ਪੁਰਾਣੇ ਜਹਾਜ਼ਾਂ ਦੇ ਮਾਡਲ, ਮਿਜ਼ਾਈਲਾਂ, ਲੜਾਕੂ ਜਹਾਜ਼ ਪ੍ਰਦਰਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਤੇਜਸ ਲੜਾਕੂ ਜਹਾਜ਼, ਨੇਤਰਾ ਹਵਾਈ ਜਹਾਜ਼, ਪ੍ਰਚੰਡ ਹੈਲੀਕਾਪਟਰ, ਏਅਰਬੱਸ ਸੀ 295, ਏਕੀਕ੍ਰਿਤ ਏਅਰ ਕਮਾਂਡ, ਐਮਆਈਜੀ 21 ਏਅਰਕ੍ਰਾਫਟ ਅਤੇ ਕੰਟਰੋਲ ਸਿਸਟਮ ਵਰਕ ਸਟੇਸ਼ਨ ਅਤੇ ਇੱਕ ਗਲੋਬਲ ਸੈਟੇਲਾਈਟ ਸ਼ਾਮਲ ਹਨ। 17,000 ਵਰਗ ਫੁੱਟ 'ਚ ਸਥਾਪਿਤ ਇਹ ਕੇਂਦਰ ਵੱਖ-ਵੱਖ ਯੁੱਧਾਂ ਵਿੱਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇਥੇ ਪਾਕਿਸਤਾਨੀ ਹਵਾਈ ਸੈਨਾ ਦੇ ਇੱਕ ਐੱਫ-16 ਲੜਾਕੂ ਜਹਾਜ਼ ਨੂੰ ਮਿਗ-21 (ਬਾਈਸਨ) ਵੱਲੋਂ ਡੇਗਣ ਦਾ ਅਨੋਖਾ ਦ੍ਰਿਸ਼ ਵੀ ਦਿਖਾਇਆ ਗਿਆ ਹੈ।



ਦੇਖਣ ਨੂੰ ਮਿਲੇਗੀ ਜੰਗਾਂ ਦੀ ਝਲਕ 
ਇਸ ਤੋਂ ਇਲਾਵਾ ਇਥੇ ਆਮ ਆਦਮੀ ਨੂੰ ਕਾਕਪਿਟ ਐਕਸਪੋਜਰ ਅਤੇ ਫਲਾਈਟ ਸਿਮੂਲੇਟਰ ਦਾ ਅਨੋਖਾ ਅਨੁਭਵ ਵੀ ਦੇਖਣ ਨੂੰ ਮਿਲੇਗਾ। ਇੱਥੇ ਤਿੰਨ ਅਤਿ-ਆਧੁਨਿਕ ਸਿਮੂਲੇਟਰ ਹਨ ਜੋ ਲੜਾਕੂ ਜਹਾਜ਼ਾਂ ਦਾ ਅਸਲ-ਸਮੇਂ ਦੀ ਉਡਾਣ ਦਾ ਅਨੁਭਵ ਦਿੰਦੇ ਹਨ, ਜਿਸ ਵਿੱਚ Su-30 ਅਤੇ ਮਿਗ 21 ਅਤੇ ਮਿਗ 23 ਮਾਡਲ ਸ਼ਾਮਲ ਹਨ। ਇਹ ਵਿਰਾਸਤੀ ਕੇਂਦਰ ਸਾਰੀਆਂ ਜੰਗਾਂ ਵਿੱਚ ਆਈਏਐਫ ਦੀ ਭੂਮਿਕਾ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਆਪਣੇ ਆਪ ਨੂੰ ਆਧੁਨਿਕ ਸਮੱਗਰੀ ਜਿਵੇਂ ਕਿ ਔਗਮੈਂਟੇਡ ਰਿਐਲਿਟੀ, ਵਰਚੁਅਲ ਰਿਐਲਿਟੀ, ਹੋਲੋਗ੍ਰਾਮ, ਸਿਮੂਲੇਟਰ ਅਤੇ ਇਲੈਕਟ੍ਰੋ ਮਕੈਨੀਕਲ ਐਨਕਲੋਜ਼ਰਸ ਨਾਲ ਲੈਸ ਹੈ।


ਮੋਬਾਈਲ ਐਪ ਰਾਹੀਂ ਕਰ ਸਕਦੇ ਬੁਕਿੰਗ 
ਆਮ ਲੋਕ ਵੀ ਹੁਣ ਆਸਾਨੀ ਨਾਲ ਇਸ ਏਅਰਫੋਰਸ ਹੈਰੀਟੇਜ ਸੈਂਟਰ ਨੂੰ ਦੇਖ ਸਕਦੇ ਹਨ। ਹਾਲਾਂਕਿ ਇੱਥੇ ਆਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਸੈਰ-ਸਪਾਟਾ ਨਾਲ ਸਬੰਧਤ ਮੋਬਾਈਲ ਐਪ ਰਾਹੀਂ ਬੁਕਿੰਗ ਕਰਨੀ ਹੋਵੇਗੀ, ਉਸਤੋਂ ਬਾਅਦ ਹੀ ਤੁਸੀਂ ਇਸ 'ਚ ਦਾਖਲ ਹੋ ਸਕਦੇ ਹੋ।


ਏਅਰਫੋਰਸ ਹੈਰੀਟੇਜ ਸੈਂਟਰ ਨਿਯਮ

1. ਇੱਕ ਦਿਨ ਵਿੱਚ 75 ਲੋਕ ਸਿਮੂਲੇਟਰ 'ਤੇ ਲੜਾਕੂ ਜਹਾਜ਼ ਉਡਾਉਣ ਦਾ ਕਰ ਸਕਣਗੇ ਅਨੁਭਵ, ਜਿਸਦੀ ਫੀਸ 295 ਰੁਪਏ ਹੈ।

2. ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆ ਖੁਲਿਆ ਰਹੇਗਾ ਅਜਾਇਬ ਕੇਂਦਰ।

3. ਏਅਰ ਫੋਰਸ ਹੈਰੀਟੇਜ ਸੈਂਟਰ ਦਾ ਦੌਰਾ ਕਰਨ ਲਈ ਕੁੱਲ ਤਿੰਨ ਸਲਾਟ, ਹਰੇਕ ਸਲਾਟ ਵਿੱਚ 25 ਲੋਕ ਆਉਣ ਦੇ ਯੋਗ ਹੋਣਗੇ।

4. ਤਿੰਨੋਂ ਸਲਾਟਾਂ ਦਾ ਸਮਾਂ ਸਵੇਰੇ 10 ਵਜੇ, ਦੁਪਹਿਰ 12 ਵਜੇ ਅਤੇ ਦੁਪਹਿਰ 3 ਵਜੇ ਨਿਸ਼ਚਿਤ ਕੀਤਾ ਗਿਆ।

5. 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 50 ਰੁਪਏ ਦੀ ਫੀਸ ਵਸੂਲੀ ਜਾਵੇਗੀ, ਜੋ ਸਿਮੂਲੇਟਰ ਦਾ ਤਜਰਬਾ ਕੀਤੇ ਬਿਨਾਂ ਸਿਰਫ਼ ਕੇਂਦਰ ਦਾ ਦੌਰਾ ਕਰ ਸਕਣਗੇ।

6. 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਦਾਖਲਾ ਮੁਫਤ ਰੱਖਿਆ ਗਿਆ ਹੈ।

7. ਕੇਂਦਰ ਅਤੇ ਸਿਮੂਲੇਟਰਾਂ ਦਾ ਦੌਰਾ ਕਰਨ ਲਈ ਬੁਕਿੰਗ ਸੈਰ-ਸਪਾਟਾ ਵਿਭਾਗ ਦੀ ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।



ਫਿਲਮਾਂ ਵੀ ਦਿਖਾਈਆਂ ਜਾਣਗੀਆਂ
ਇਸ ਤੋਂ ਇਲਾਵਾ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀਆਂ ਜੰਗਾਂ ਵਿੱਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ ਨੂੰ ਉਜਾਗਰ ਕਰਦੀਆਂ 40 ਲਘੂ ਪ੍ਰਚਾਰ ਫਿਲਮਾਂ ਵੀ ਇੱਥੇ ਦਿਖਾਈਆਂ ਜਾਣਗੀਆਂ। ਤਿੰਨ ਤੋਂ ਅੱਠ ਮਿੰਟ ਦੀ ਇਸ ਫਿਲਮ ਵਿੱਚ 1947 ਵਿੱਚ ਕਸ਼ਮੀਰ ਘਾਟੀ ਵਿੱਚ ਭਾਰਤੀ ਫੌਜ ਦੇ ਪਹਿਲੇ ਜਵਾਨਾਂ ਦੇ ਉਤਰਨ, ਕਾਰਗਿਲ ਯੁੱਧ ਅਤੇ ਬਾਲਾਕੋਟ ਹਵਾਈ ਹਮਲੇ ਸਮੇਤ ਹੋਰਾਂ ਵਿੱਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ ਨੂੰ ਦਰਸਾਇਆ ਜਾਵੇਗਾ।



ਚੰਦਰਮਾ 'ਤੇ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਅਤੇ ਉਨ੍ਹਾਂ ਦੀ ਬਣਾਈ ਤਸਵੀਰ ਅਤੇ ਉਸ ਸਮੇਂ ਉਨ੍ਹਾਂ ਵੱਲੋਂ ਪਹਿਨੇ ਕੱਪੜੇ ਵੀ ਉਥੇ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੁਪਰਹਿੱਟ ਤਸਵੀਰ ਬਾਰਡਰ 'ਚ ਜੈਕੀ ਸ਼ਰਾਫ ਵਲੋਂ ਨਿਭਾਏ ਗਏ ਏਅਰਪੋਰਟ ਦੇ ਕਪਤਾਨ ਦੇ ਕੱਪੜੇ ਵੀ ਉਥੇ ਪ੍ਰਦਰਸ਼ਿਤ ਕੀਤੇ ਗਏ ਹਨ।

Related Post