ਹਿਮਾਚਲ ਵਜ਼ਾਰਤ ਦਾ ਗਠਨ, 7 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼
ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਅੱਜ ਸੱਖੂ ਸਰਕਾਰ ਦੀ ਪਹਿਲੀ ਵਜ਼ਾਰਤ ਦਾ ਗਠਨ ਹੋਇਆ। ਸ਼ਿਮਲਾ ਵਿਚ ਰਾਜਭਵਨ ਵਿਚ ਐਤਵਾਰ ਸਵੇਰੇ ਸੱਤ ਵਿਧਾਇਕਾਂ ਨੇ ਮੰਤਰੀ ਅਹੁਦੇ ਦਾ ਹਲਫ਼ ਲਿਆ। ਸਭ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਸਾਬਕਾ ਲੋਕ ਸਭਾ ਮੈਂਬਰ ਤੇ ਸੋਲਨ ਤੋਂ ਸਭ ਤੋਂ ਪੁਰਾਣੇ ਵਿਧਾਇਕ ਧਨੀ ਰਾਮ ਸ਼ਾਂਡਿਲ, ਇਸ ਮਗਰੋਂ ਸਿਰਮੌਰ ਦੇ ਸ਼ਿਲਾਈ ਤੋਂ ਛੇ ਵਾਰ ਦੇ ਵਿਧਾਇਕ ਹਰਸ਼ਵਰਧਨ ਚੌਹਾਨ, ਕਿਨੌਰ ਦੇ ਸਾਬਕਾ ਡਿਪਟੀ ਸਪੀਕਰ ਜਗਤ ਸਿੰਘ ਨੇਗੀ, ਸਾਬਕਾ ਸੀਐਮ ਵੀਰਭੱਦਰ ਸਿੰਘ ਦੇ ਬੇਟੇ ਸ਼ਿਮਲਾ ਦਿਹਾਤ ਤੋਂ ਵਿਧਾਇਕ ਵਿਕਰਮਦਿੱਤਿਆ ਸਿੰਘ ਕਾਂਗੜਾ ਦੇ ਜਵਾਲੀ ਤੋਂ ਚੰਦਰ ਕੁਮਾਰ, ਕੁਸਮਪੱਟੀ ਤੋਂ ਵਿਧਾਇਕ ਅਨੀਰੁਧ ਸਿੰਘ ਅਤੇ ਜੁੱਬਲ-ਕੋਟਖਾਈ ਤੋਂ ਚਾਰ ਵਾਰ ਦੇ ਵਿਧਾਇਕ ਰੋਹਿਤ ਠਾਕੁਰ ਨੇ ਮੰਤਰੀ ਅਹੁਦੇ ਦਾ ਹਲਫ਼ ਲਿਆ।
ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਚੋਣਾਂ ਵਿਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਅਤੇ ਸੁਖਵਿੰਦਰ ਸਿੰਘ ਸੱਖੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਦੇ ਨਾਲ ਡਿਪਟੀ ਸੀਐਮ ਦੀ ਜ਼ਿੰਮੇਵਾਰੀ ਮੁਕੇਸ਼ ਅਗਨੀਹੋਤਰੀ ਨੂੰ ਦਿੱਤੀ ਗਈ। ਹੁਣ ਕਾਂਗਰਸ ਦੀ ਸਰਕਾਰ ਨੇ ਲਗਭਗ ਇਕ ਮਹੀਨੇ ਬਾਅਦ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ।
ਇਹ ਵੀ ਪੜ੍ਹੋ : ਪਛਵਾੜਾ ਕੋਲ ਮਾਈਨਜ਼ : ਸੀਐਮ ਮਾਨ ਨੇ ਝਾਰਖੰਡ ਦੇ ਹਮਰੁਤਬਾ ਨਾਲ ਫੋਨ 'ਤੇ ਕੀਤੀ ਗੱਲਬਾਤ
ਹਿਮਾਚਲ ਪ੍ਰਦੇਸ਼ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 35 ਸੀਟਾਂ ਚਾਹੀਦੀਆਂ ਹਨ। ਕਾਂਗਰਸ ਨੇ ਇੱਥੇ 40 ਸੀਟਾਂ ਜਿੱਤੀਆਂ ਹਨ। ਯਾਨੀ ਕਾਂਗਰਸ ਦੀ ਸਰਕਾਰ ਬਣਨਾ ਤੈਅ ਸੀ। ਇਸ ਚੋਣ ਵਿੱਚ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ ਜਦੋਂਕਿ ਬਾਕੀਆਂ ਨੂੰ ਤਿੰਨ ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਹਰ 5 ਸਾਲ ਬਾਅਦ ਸਰਕਾਰ ਬਦਲਣ ਵਾਲੇ ਇਸ ਸੂਬੇ ਵਿੱਚ ਇਸ ਵਾਰ ਵੀ ਉਹੀ ਰੁਝਾਨ ਦੁਹਰਾਇਆ ਗਿਆ ਹੈ।