Amritsar News : ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਸਮੇਤ 5 ਜਾਣਿਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੋਂ ਲਗਾਈ ਗਈ ਤਨਖਾਹ
Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਸਾਹਿਬ ਨੇ ਕਈ ਅਹਿਮ ਫੈਸਲੇ ਸੁਣਾਏ ਹਨ, ਜਿਸ ਵਿੱਚ ਸਿਆਸੀ ਆਗੂਆਂ, ਸਾਬਕਾ ਜਥੇਦਾਰਾਂ, ਅਤੇ ਵਿਦਵਾਨਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਫੈਸਲਿਆਂ ਦੇ ਸਬੰਧ 'ਚ ਕੁੱਝ ਲੋਕਾਂ ਵਲੋਂ ਪੇਸ਼ ਹੋ ਕੇ ਮੁਅਫ਼ੀਆਂ ਮੰਗੀਆਂ ਗਈਆਂ ਹਨ
Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਸਾਹਿਬ ਨੇ ਕਈ ਅਹਿਮ ਫੈਸਲੇ ਸੁਣਾਏ ਹਨ, ਜਿਸ ਵਿੱਚ ਸਿਆਸੀ ਆਗੂਆਂ, ਸਾਬਕਾ ਜਥੇਦਾਰਾਂ, ਅਤੇ ਵਿਦਵਾਨਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਫੈਸਲਿਆਂ ਦੇ ਸਬੰਧ 'ਚ ਕੁੱਝ ਲੋਕਾਂ ਵਲੋਂ ਪੇਸ਼ ਹੋ ਕੇ ਮੁਅਫ਼ੀਆਂ ਮੰਗੀਆਂ ਗਈਆਂ ਹਨ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ , ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ, ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਮੇਤ 5 ਜਾਣੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਏ।
ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਗਾਈ ਤਨਖਾਹ
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਵਿਰਸਾ ਸਿੰਘ ਵਲਟੋਹਾ ਨੇ ਮੁਆਫੀ ਮੰਗੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਲਟੋਹਾ ਨੂੰ ਸਪੱਸ਼ਟ ਆਦੇਸ਼ ਦਿੱਤਾ ਕਿ ਉਹ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ। ਵਿਰਸਾ ਸਿੰਘ ਵਲਟੋਹਾ 'ਤੇ ਲੱਗੀ 10 ਸਾਲ ਲਈ ਅਕਾਲੀ ਦਲ ਵਿੱਚੋਂ ਕੱਢੇ ਜਾਣ ਦੀ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਪਾਬੰਦੀ ਨੂੰ ਹਟਾਉਣ ਦੇ ਨਾਲ ਵਲਟੋਹਾ ਦਾ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਦਾ ਰਸਤਾ ਹੁਣ ਖੁੱਲ੍ਹ ਗਿਆ ਹੈ। ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ’ਚ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਕਬੂਲ ਕੀਤੀ ਅਤੇ ਧਾਰਮਿਕ ਸਜ਼ਾ ਲਗਾਉਂਦੇ ਹੋਏ 3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣਗੇ ,ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਅਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਗੇ। ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁ. ਦੀ ਦੇਗ ਤੇ 1100 ਰੁ. ਗੋਲਕ ’ਚ ਪਾਉਣ ਦੇ ਆਦੇਸ਼ ਦਿੱਤੇ ਗਏ ਹਨ।
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀਆਂ ਸੇਵਾਵਾਂ 'ਤੇ ਪਾਬੰਦੀ ਖਤਮ
ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਮੁੱਚੀ ਕੌਮ ਤੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਗੁਨਾਹ ਦੀ ਮੁਆਫੀ ਮੰਗੀ ਹੈ। ਸਤੰਬਰ 2015 ’ਚ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਸੀ। ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਹੈ। ਗਿਆਨੀ ਗੁਰਬਚਨ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ 'ਚ ਰੋਜ਼ਾਨਾ ਇੱਕ ਘੰਟਾ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਨਗੇ ਅਤੇ 2 ਦਿਨ ਜਪੁਜੀ ਸਾਹਿਬ ,ਆਸਾ ਕੀ ਵਾਰ ਪਾਤਸ਼ਾਹੀ ਦਸਵੀਂ ਦਾ ਜਾਪ ਕਰਨਗੇ। 1100 ਦੀ ਦੇਗ ਕਰਵਾ ਕੇ ਭੁੱਲ ਬਖਸ਼ਾਉਣ ਦੀ ਅਰਦਾਸ ਕਰਨਗੇ।
GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਦੀ ਮਾਫੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਵੀ.ਸੀ.) ਡਾ. ਕਰਮਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਭੁੱਲ ਲਈ ਮਾਫੀ ਮੰਗੀ ਅਤੇ ਉਨ੍ਹਾਂ ਨੂੰ ਤਨਖਾਹ ਲਾਈ ਗਈ ਹੈ। ਡਾ. ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ’ਚ ਸੇਵਾ ਕਰਨਗੇ ਅਤੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਸਜ਼ਾ ਲਗਾਈ ਗਈ। 5 ਦਿਨ ਰੋਜ਼ਾਨਾ ਨਿਤਨੇਮ ਅਤੇ ਆਸਾ ਕੀ ਵਾਰ ਦਾ ਪਾਠ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਨਾਲ ਹੀ ਉਨ੍ਹਾਂ ਨੂੰ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ 'ਹਮ ਹਿੰਦੂ ਨਹੀਂ' ਦੀਆਂ 500 ਕਾਪੀਆਂ ਸਿੱਖ ਸੰਗਤ ਵਿੱਚ ਵੰਡਣ ਦਾ ਹੁਕਮ ਵੀ ਦਿੱਤਾ ਗਿਆ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਤਨਖਾਹ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਗਈ ਹੈ। ਜਸਵੰਤ ਸਿੰਘ ਜ਼ਫਰ ਨੂੰ ਆਪਣੀਆਂ ਲਿਖਤਾਂ 'ਚ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਧਿਆਨ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਜਸਵੰਤ ਸਿੰਘ ਜ਼ਫਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ 2 ਦਿਨ ਇੱਕ -ਇੱਕ ਘੰਟਾ ਬਰਤਨ ਮਾਂਝਣ ਅਤੇ ਜੋੜੇ ਝਾੜਨ ਦੀ ਸੇਵਾ ਅਤੇ 4 ਦਿਨ ਜਾਪ ਕਰਨਗੇ। ਜਸਵੰਤ ਸਿੰਘ ਜ਼ਫਰ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਦੀਆਂ 100 ਕਾਪੀਆਂ ਵੰਡਣ ਦਾ ਆਦੇਸ਼ ਦਿੱਤਾ ਗਿਆ ਹੈ।
ਯੂਕੇ ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੂੰ ਮਾਫੀ
ਯੂ.ਕੇ. ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਵੀ ਆਪਣੀ ਭੁੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁਆਫ਼ੀ ਮੰਗੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਚਾਰਕ ਹਰਿੰਦਰ ਸਿੰਘ ਨੂੰ ਤਨਖਾਹ ਲਗਾਈ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ ਦੇ ਪ੍ਰਚਾਰ ਕਰਨ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ 'ਚ ਰੋਜ਼ਾਨਾ ਇਕ ਘੰਟਾ ਜੂਠੇ ਬਰਤਨ ਮਾਂਝਣਗੇ ਅਤੇ 2 ਦਿਨ ਜਾਪ ਕਰਨਗੇ।