PGI ਸੈਟੇਲਾਈਟ ਕੇਂਦਰ ਦਾ 25 ਫਰਵਰੀ ਨੂੰ ਨੀਂਹ ਪੱਥਰ ਸਰਹੱਦੀ ਲੋਕਾਂ ਲਈ ਖੁਸ਼ੀ ਦਾ ਪਲ: ਸੁਖਬੀਰ ਸਿੰਘ ਬਾਦਲ

By  KRISHAN KUMAR SHARMA February 20th 2024 06:46 PM

ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੰਗਲਵਾਰ ਕਿਹਾ ਕਿ 25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਚ 100 ਬਿਸਤਰਿਆਂ ਵਾਲੇ ਪੀਜੀਆਈ (PGI) ਸੈਟੇਲਾਈਟ ਕੇਂਦਰ ਦਾ ਨੀਂਹ ਪੱਥਰ ਰੱਖਣ ਮਗਰੋਂ ਇਸਦੀ ਉਸਾਰੀ ਸ਼ੁਰੂ ਹੋ ਜਾਵੇਗੀ।

ਅਕਾਲੀ ਦਲ (Akali Dal) ਦੇ ਪ੍ਰਧਾਨ ਨੇ ਕਿਹਾ ਕਿ ਇਹ ਸਰਹੱਦੀ ਪੱਟੀ ਦੇ ਲੋਕਾਂ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸੈਟੇਲਾਈਟ ਕੇਂਦਰ ਜਿਸ ਲਈ ਜ਼ਮੀਨ 2016 ਵਿਚ ਅਕਾਲੀ ਦਲ ਦੀ ਸਰਕਾਰ ਨੇ ਦਿੱਤੀ ਸੀ, ਹੁਣ ਆਖਿਰਕਾਰ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਸਮੇਤ ਸਮੇਂ ਦੀਆਂ ਰਾਜ ਸਰਕਾਰਾਂ ਨੇ ਪ੍ਰਾਜੈਕਟ ਵਿਚ ਫੁਰਤੀ ਲਿਆਉਣ ਲਈ ਕੋਈ ਯਤਨ ਨਹੀਂ ਕੀਤਾ ਤੇ ਉਨ੍ਹਾਂ ਨੇ ਇਹ ਮਾਮਲਾ ਕੇਂਦਰੀ ਪਰਿਵਾਰ ਭਲਾਈ ਮੰਤਰੀ ਕੋਲ ਤੇ ਫਿਰ ਸੰਸਦ ਵਿਚ ਚੁੱਕਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਵਾਰ ਮੁਕੰਮਲ ਹੋਣ ਮਗਰੋਂ ਸੈਟੇਲਾਈਟ ਕੇਂਦਰ (PGI satellite center) ਸਰਹੱਦੀ ਪੱਟੀ ਦੇ ਲੋਕਾਂ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਪੱਟੀ ਦੇ ਲੋਕਾਂ ਨੂੰ ਹੁਣ ਵਿਸ਼ੇਸ਼ ਮੁਹਾਰਤ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਮਿਲ ਸਕਣਗੀਆਂ ਤੇ ਇਹਨਾਂ ਸੇਵਾਵਾਂ ਵਾਸਤੇ ਉਨ੍ਹਾਂ ਨੂੰ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ।

ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਪੂਰੀ ਯੋਜਨਾ ਤੇ ਵਿਸਥਾਰਿਤ ਪ੍ਰਾਜੈਕਟ ਰਿਪੋਰਟ ਲਈ ਟੈਂਡਰ ਨਵੰਬਰ 2023 ਵਿਚ ਕੇਂਦਰ ਸਰਕਾਰ ਨੇ ਅਲਾਟ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੇਨੂੰ ਵਿਸ਼ਵਾਸ ਹੈ ਕਿ ਇਸ ਪ੍ਰਾਜੈਕਟ ਦਾ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਣ ਨਾਲ ਇਸਦੀ ਉਸਾਰੀ ਤੇਜ਼ ਰਫਤਾਰ ਨਾਲ ਹੋਵੇਗੀ।

Related Post