ਮਾਰਿਆ ਗਿਆ ਗੈਂਗਸਟਰ ਕਾਲਾ ਧਨੌਲਾ, ਦੇਖੋ ਪੁਲਿਸ ਨੇ ਕਿਵੇਂ ਕੀਤਾ ਐਨਕਾਊਂਟਰ, ਕੀ-ਕੁੱਝ ਹੋਇਆ ਬਰਾਮਦ

By  KRISHAN KUMAR SHARMA February 18th 2024 08:50 PM

ਚੰਡੀਗੜ੍ਹ/ਬਰਨਾਲਾ: ਐਤਵਾਰ ਬਰਨਾਲਾ 'ਚ ਹੋਏ ਐਨਕਾਊਂਟਰ 'ਚ ਪੁਲਿਸ ਵੱਲੋਂ ਗੈਂਗਸਟਰ ਗੁਰਮੀਤ ਸਿੰਘ ਮਾਨਾ ਉਰਫ਼ ਕਾਲਾ ਧਨੌਲਾ ਨੂੰ ਮਾਰ ਸੁੱਟਿਆ ਹੈ। ਗੈਂਗਸਟਰ ਦਾ ਐਨਕਾਊਂਟਰ ਪੁਲਿਸ ਦੀ AGTF ਟੀਮ ਨੇ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਾਲਾ ਧਨੌਲਾ 'ਤੇ ਪਹਿਲਾਂ ਵੀ ਕਈ ਕਤਲ ਦੇ ਕਈ ਪਰਚੇ ਦਰਜ ਸਨ ਅਤੇ ਕਈ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਵੀ ਸੀ।

ਪੁਲਿਸ ਨੂੰ ਮਿਲੀ ਸੀ ਗੈਂਗਸਟਰ ਬਾਰੇ ਗੁਪਤ ਸੂਚਨਾ

ਐਨਕਾਊਂਟਰ ਬਾਰੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸੰਦੀਪ ਗੋਇਲ ਅਤੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਸਾਰੀ ਘਟਨਾ ਬਾਰੇ ਦੱਸਿਆ। ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਕਾਲਾ ਧਨੌਲਾ ਪੁਲਿਸ ਨੂੰ ਕਈ ਮਾਮਲਿਆਂ 'ਚ ਲੋੜੀਂਦਾ ਸੀ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਉਸ ਦੇ ਪਿੰਡ ਬਡਬਰ ਦੇ ਖੇਤਾਂ 'ਚ ਰਹਿਣ ਦੀ ਸੂਚਨਾ ਮਿਲੀ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੂਚਨਾ 'ਤੇ ਪਹਿਲਾਂ ਉਸ ਨੂੰ ਘੇਰ ਕੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਕਾਲਾ ਧਨੌਲਾ (Kala Dhanula) ਨੇ ਪੁਲਿਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਲਗਾਤਾਰ ਗੋਲੀਆਂ ਚੱਲੀਆਂ, ਜਿਸ ਵਿੱਚ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ, ਜਦੋਂ ਕਿ ਪੁਲਿਸ ਨੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਗੈਂਗਸਟਰਾਂ (Gangster) ਦੀ ਗੋਲੀਬਾਰੀ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਅਤੇ ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਸਮੇਤ ਦੋ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੋਲੀ ਲੱਗੀ ਹੈ। ਇਸਤੋਂ ਇਲਾਵਾ ਪੁਲਿਸ ਨੂੰ ਘਟਨਾ ਸਥਾਨ ਤੋਂ ਗੈਂਗਸਟਰ ਵੱਲੋਂ ਵਰਤੇ ਨਜਾਇਜ਼ ਹਥਿਆਰ ਅਤੇ ਮੈਗਜ਼ੀਨ ਮਿਲੇ ਹਨ।

ਪੁਲਿਸ ਨੇ ਕਾਲਾ ਧਨੌਲਾ ਦੀ ਲਾਸ਼ ਸਮੇਤ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਹੈ। ਉਧਰ, ਪੁਲਿਸ ਵੱਲੋਂ ਕਾਲਾ ਧਨੌਲਾ ਦੇ ਇੱਕ ਸਾਥੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਨ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਹੰਗਾਮਾ ਕੀਤਾ ਅਤੇ ਪੁਲਿਸ ਦੀ ਗੱਡੀ ਦਾ ਘਿਰਾਓ ਵੀ ਕੀਤਾ, ਜਿਸ ਕਾਰਨ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਜਾਮ ਲੱਗ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪੁਲਿਸ ਨੇ ਇੱਕ ਸਾਥੀ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ਵਿੱਚ ਲਿਆ ਹੈ।

Related Post