ਵੱਡੀ ਖ਼ਬਰ : ਗੈਂਗਸਟਰ ਸੁੱਖਾ ਦੁੱਨੇਕੇ ਦੀ ਕੈਨੇਡਾ 'ਚ ਗੋਲੀਆਂ ਮਾਰ ਕੇ ਹੱਤਿਆ

By  Shameela Khan September 21st 2023 10:20 AM -- Updated: September 21st 2023 01:27 PM

PTC News Desk: ਗੈਂਗਸਟਰ ਸੁੱਖਾ ਦੁੱਨੇਕੇ ਦੀ ਕੈਨੇਡਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕੈਨੇਡਾ 'ਚ ਗੈਂਗਵਾਰ ਦੇ ਚੱਲਦਿਆਂ ਗੋਲੀਆਂ ਮਾਰੀਆਂ ਗਈਆਂ ਹਨ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਚੋਰੀ, ਡਕੈਤੀ, ਅਗਵਾ ਅਤੇ ਫਿਰੌਤੀ ਦੇ ਅਨੇਕਾ ਕੇਸ ਦਰਜ ਹਨ।

ਪੰਜਾਬ ਤੋਂ 2017 'ਚ ਜਾਅਲੀ ਪਾਸਪੋਰਟ ਬਣਾ ਕੇ ਕੈਨੇਡਾ ਫਰਾਰ ਹੋਏ A ਕੈਟਾਗਰੀ ਦੇ ਗੈਂਗਸਟਰ ਸੁਖਦੁਲ ਸਿੰਘ ਗਿੱਲ ਉਰਫ਼ ਸੁੱਖਾ ਦੁੱਨੇਕੇ ਦਾ ਕਤਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੁੱਖਾ ਦੁਨੇਕੇ ਨੂੰ ਕੈਨੇਡਾ ਦੇ ਵਿਨੀਪੈਗ 'ਚ ਗੋਲੀਆਂ ਮਾਰੀਆਂ ਗਈਆਂ ਹਨ।

ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਐਨ.ਆਈ.ਏ ਵੱਲੋਂ ਜਾਰੀ 43 ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਕੈਨੇਡਾ ਵਿੱਚ ਸਿੱਖ ਲੀਡਰ ਨਿੱਝਰ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ। ਸੁੱਖਾ ਦੁਨੇਕੇ ਪੁੱਤਰ ਗੁਰਨਾਇਬ ਸਿੰਘ ਮੋਗਾ ਪੰਜਾਬ ਦੇ ਪਿੰਡ ਦੁੱਨੇਕੇ ਕਲਾਂ ਦਾ ਵਸਨੀਕ ਹੈ। ਕੈਟਾਗਰੀ 'A' ਦਾ ਗੈਂਗਸਟਰ ਸੁੱਖਾ ਦੁੱਨੇਕੇ ਅਪਰਾਧ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਮੋਗਾ ਦੇ ਡੀ.ਸੀ ਦਫ਼ਤਰ 'ਚ ਕੰਮ ਕਰਦਾ ਸੀ।

ਉਹ ਪੁਲਿਸ ਦੀ ਮਦਦ ਨਾਲ ਜਾਅਲੀ ਦਸਤਾਵੇਜ਼ਾਂ 'ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ 2017 'ਚ ਕੈਨੇਡਾ ਭੱਜ ਗਿਆ ਸੀ। ਉਸ ਸਮੇਂ ਉਸ ਵਿਰੁੱਧ ਸੱਤ ਅਪਰਾਧਿਕ ਮਾਮਲੇ ਚੱਲ ਰਹੇ ਸਨ। ਇਹ ਸਾਰੇ ਮਾਮਲੇ ਸਥਾਨਕ ਗਰੋਹ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ। ਸੁੱਖਾ ਦੁੱਨੇਕੇ ਨੇ ਕਾਫੀ ਸਮਾਂ ਫਰੀਦਕੋਟ ਜੇਲ ਵਿੱਚ ਵੀ ਬਿਤਾਇਆ ਅਤੇ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ। ਇੰਨਾ ਹੀ ਨਹੀਂ ਨੰਗਲ ਅੰਬੀਆ ਕਤਲੇਆਮ 'ਚ ਵੀ ਦੁਨੇਕੇ ਦਾ ਨਾਂ ਆਇਆ ਸੀ ਅਤੇ ਉਸ 'ਤੇ ਹਥਿਆਰ ਅਤੇ ਸ਼ੂਟਰ ਮੁਹੱਈਆ ਕਰਵਾਏ ਜਾਣ ਦਾ ਦੋਸ਼ ਸੀ।


ਸੂਤਰਾ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੌਈ ਗੈਂਗਸਟਰ ਗਰੁੱਪ ਨੇ ਲਈ ਹੈ। ਪਰੰਤੂ ਪੁਲਿਸ ਵੱਲੋਂ ਹਾਲੇ ਇਸ ਉੱਤੇ ਅਧਿਕਾਰਿਤ ਬਿਆਨ ਆਉਣਾ ਬਾਕੀ ਹੈ।  



ਇਬ ਵੀ ਪੜ੍ਹੋ: NIA ਦੀ ਵੱਡੀ ਕਾਰਵਾਈ; ਕੈਨੇਡਾ ਨਾਲ ਸਬੰਧਤ 43 ਗੈਂਗਸਟਰਾਂ ਦੇ ਵੇਰਵੇ ਜਾਰੀ


Related Post