Giani Harpreet Singh Letter : ਗਿਆਨੀ ਹਰਪ੍ਰੀਤ ਸਿੰਘ ਦੀ ਚਿੱਠੀ ਨੇ ਸਿੱਖ ਸਿਆਸਤ ਚ ਲਿਆਂਦਾ ਭੂਚਾਲ, ਮਨਪ੍ਰੀਤ ਇਆਲੀ ਨੂੰ ਦੱਸਿਆ AAP ਦਾ ਹੱਥਠੋਕਾ

Giani Harpreet Singh Letter : ਗਿਆਨੀ ਹਰਪ੍ਰੀਤ ਸਿੰਘ ਨੇ ਚਿੱਠੀ ਜਨਤਕ ਕਰਦਿਆਂ ਪਾਰਟੀ ਦੇ ਸਾਬਕਾ ਪ੍ਰਮੁੱਖ ਮੈਂਬਰ ਮਨਪ੍ਰੀਤ ਸਿੰਘ ਇਆਲੀ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਇਆਲੀ 'ਤੇ ਪੰਥਕ ਏਕਤਾ ਵਿੱਚ ਰੋੜਾ ਬਣਨ ਦੇ ਇਲਜ਼ਾਮ ਲਾਉਂਦਿਆਂ ਆਮ ਆਦਮੀ ਪਾਰਟੀ ਦਾ 'ਹੱਥਠੋਕਾ' ਦੱਸਿਆ।

By  KRISHAN KUMAR SHARMA July 21st 2026 07:45 PM -- Updated: July 21st 2026 08:19 PM

Giani Harpreet Singh Letter : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਅਕਾਲੀ ਦਲ (Punar Surjit Akali Dal) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਚਿੱਠੀ ਨੇ ਸਿੱਖ ਸਿਆਸਤ 'ਚ ਭੂਚਾਲ ਲਿਆ ਕੇ ਰੱਖ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਚਿੱਠੀ ਬੀਬੀ ਸਤਵੰਤ ਕੌਰ ਨੂੰ ਲਿਖੀ ਸੀ, ਜਿਸ ਨੂੰ ਉਨ੍ਹਾਂ ਨੇ ਜਨਤਕ ਕਰਦਿਆਂ ਪਾਰਟੀ ਦੇ ਸਾਬਕਾ ਪ੍ਰਮੁੱਖ ਮੈਂਬਰ ਮਨਪ੍ਰੀਤ ਸਿੰਘ ਇਆਲੀ (Manpreet Singh Ayali) 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਮਨਪ੍ਰੀਤ ਸਿੰਘ ਇਆਲੀ 'ਤੇ ਪੰਥਕ ਏਕਤਾ ਵਿੱਚ ਰੋੜਾ ਬਣਨ ਦੇ ਇਲਜ਼ਾਮ ਲਾਉਂਦਿਆਂ ਆਮ ਆਦਮੀ ਪਾਰਟੀ ਦਾ 'ਹੱਥਠੋਕਾ' ਦੱਸਿਆ। (Sikh Siyasat)

'ਆਮ ਆਦਮੀ ਪਾਰਟੀ ਦੇ ਡਰ ਹੇਠ ਪੰਥਕ ਏਕਤਾ 'ਚ ਰੋੜਾ ਬਣਿਆ ਮਨਪ੍ਰੀਤ ਇਆਲੀ' 

ਚਿੱਠੀ ਅਨੁਸਾਰ, ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਨਪ੍ਰੀਤ ਸਿੰਘ ਇਆਲੀ ਪੰਥਕ ਏਕਤਾ ਵਿੱਚ ਸਭ ਤੋਂ ਵੱਡਾ ਰੋੜਾ ਬਣੇ ਅਤੇ ਉਹ ਮੌਜੂਦਾ 'ਆਪ' ਸਰਕਾਰ (AAP) ਦੇ ਡਰ ਜਾਂ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਆਲੀ ਪੂਰੀ ਤਰ੍ਹਾਂ 'ਆਪ' ਦੇ ਸੰਪਰਕ ਵਿੱਚ ਹਨ।

ਅਕਾਲੀ ਦਲ ਪੁਨਰ ਸੁਰਜੀਤ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ ਮਨਪ੍ਰੀਤ ਇਆਲੀ : ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਚਿੱਠੀ ਵਿੱਚ ਕਿਹਾ ਕਿ ਮਨਪ੍ਰੀਤ ਇਆਲੀ ਖੁਦ ਪੁਨਰ ਸੁਰਜੀਤ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮਨਪ੍ਰੀਤ ਇਆਲੀ, ਝੂੰਦਾਂ ਅਤੇ ਉਮੈਦਪੁਰੀ ਨੇ ਮਿਲ ਕੇ ਪਾਰਟੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਵੀ ਕਈ ਸਾਜ਼ਿਸ਼ਾਂ ਰਚੀਆਂ।

ਮਨਪ੍ਰੀਤ ਇਆਲੀ 'ਤੇ ਪਾਰਟੀ ਦੀ ਭਰਤੀ ਦਾ ਡਾਟਾ ਚੋਰੀ ਕਰਨ ਦਾ ਇਲਜ਼ਾਮ

ਚਿੱਠੀ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪਾਰਟੀ ਦੀ ਭਰਤੀ ਨਾਲ ਸੰਬੰਧਿਤ ਸਾਰਾ ਡਾਟਾ ਮਨਪ੍ਰੀਤ ਇਆਲੀ ਆਪਣੇ ਨਾਲ ਚੋਰੀ ਲੈ ਗਏ। ਇਸ ਤੋਂ ਇਲਾਵਾ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਆਲੀ ਅਤੇ ਉਨ੍ਹਾਂ ਦੇ ਧੜੇ ਵੱਲੋਂ ਉਨ੍ਹਾਂ ਲਈ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਸੀ ਅਤੇ ਲਗਾਤਾਰ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ ਗਈਆਂ।

ਉਨ੍ਹਾਂ ਨੇ ਪੰਜ ਮੈਂਬਰੀ ਕਮੇਟੀ 'ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਕਮੇਟੀ ਦੇ ਤਿੰਨ ਮੈਂਬਰ ਇਕੱਠੇ ਹੋ ਕੇ ਪਾਰਟੀ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਸਨ। ਚਿੱਠੀ ਵਿੱਚ ਇੱਕ ਹੋਰ ਗੰਭੀਰ ਦਾਅਵਾ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 'ਵਾਰਿਸ ਪੰਜਾਬ ਦੇ' ਨਾਲ ਹੋਈਆਂ ਮੀਟਿੰਗਾਂ ਦੌਰਾਨ ਮਨਪ੍ਰੀਤ ਇਆਲੀ ਦੇ ਨਾਲ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਰਹਿੰਦਾ ਸੀ।

ਕੇਜਰੀਵਾਲ ਦੀ ਲੁਧਿਆਣਾ ਫੇਰੀ ਦੌਰਾਨ ਦਿੱਤਾ ਸੀ ਮਨਪ੍ਰੀਤ ਇਆਲੀ ਨੇ ਅਸਤੀਫਾ

ਦੱਸ ਦਈਏ ਕਿ ਮਨਪ੍ਰੀਤ ਸਿੰਘ ਇਆਲੀ ਇਸ ਸਾਲ ਮਈ ਮਹੀਨੇ ਵਿੱਚ ਅਕਾਲੀ ਦਲ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਦੇ ਦੀ ਤਾਲਮੇਲ ਕਮੇਟੀ ਦੇ ਕਨਵੀਨਰ ਸਨ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਇਆਲੀ ਨੇ ਅਸਤੀਫਾ ਵੀ ਉਸ ਦਿਨ ਸੌਂਪਿਆ ਸੀ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ, ਲੁਧਿਆਣਾ ਦੇ ਦੌਰੇ 'ਤੇ ਸਨ।

ਇਹ ਵੀ ਪੜ੍ਹੋ.... BJP, ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ, ਵਿਰੋਧੀ ਝੂਠਾ ਪ੍ਰਚਾਰ ਕਰ ਰਹੇ : ਕੇਵਲ ਸਿੰਘ ਢਿੱਲੋਂ

Related Post