Sangrur News : ਜਥੇਦਾਰ ਗੜਗੱਜ ਨੇ ‘ਖੁਆਰ ਹੋਏ ਸਭ ਮਿਲੈਂਗੇ ਲਹਿਰ’ ਤਹਿਤ ਮਾਲਵੇ ਦੇ ਕਈ ਪਿੰਡਾਂ ’ਚ ਕੀਤਾ ਸਿੱਖੀ ਪ੍ਰਚਾਰ

Sangrur News : ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਹੋਈ 'ਖੁਆਰ ਹੋਏ ਸਭ ਮਿਲੈਂਗੇ' ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਲਵੇ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਸ਼ਹੀਦ ਪਰਿਵਾਰਾਂ ਨੂੰ ਵੀ ਮਿਲੇ

By  Shanker Badra May 26th 2025 08:22 AM

Sangrur News : ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਹੋਈ 'ਖੁਆਰ ਹੋਏ ਸਭ ਮਿਲੈਂਗੇ' ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਲਵੇ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਸ਼ਹੀਦ ਪਰਿਵਾਰਾਂ ਨੂੰ ਵੀ ਮਿਲੇ।

ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਰੂਰ ਜ਼ਿਲ੍ਹੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਲ ਸਿੰਘ ਫ਼ਤਿਹਗੜ੍ਹ ਤੇ ਭੁਪਿੰਦਰ ਸਿੰਘ ਭਲਵਾਨ ਵੀ ਹਾਜ਼ਰ ਰਹੇ। ਭਵਾਨੀਗੜ੍ਹ ਵਿਖੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੰਸਥਾਵਾਂ ਵੱਲੋਂ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਬਾਬਾ ਟੇਕ ਸਿੰਘ ਦਾ ਸਨਮਾਨ ਕੀਤਾ ਗਿਆ।

ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਬਹਾਦਰਪੁਰ ਪਿੰਡ ਵਿਖੇ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਦਸਵੀਂ ਦੀ ਲੰਗਰ ਹਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਤੇ ਪ੍ਰਬੰਧਕਾਂ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ, ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਦੇਵ ਸਿੰਘ ਦਿਆਲਪੁਰਾ ਵੀ ਹਾਜ਼ਰ ਸਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਹੀ ਮਾਨਬੀਬੜੀਆਂ ਪਿੰਡ ਵਿਖੇ ਵੀ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਜਥੇਦਾਰ ਗੜਗੱਜ ਪੁੱਜੇ ਤੇ ਸੰਗਤ ਨੂੰ ਸਿੱਖੀ ਫ਼ਲਸਫ਼ੇ ਨਾਲ ਜੋੜਿਆ।

ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਦਾਤੇਵਾਸ, ਦੋਦੜਾ, ਗਾਦੜ ਪੱਤੀ ਬੋਹਾ ਪਿੰਡਾਂ ਵਿੱਚ ਜਥੇਦਾਰ ਗੜਗੱਜ ਨੇ ਵੱਖ-ਵੱਖ ਸਿੱਖ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਧਰਮੀ ਫੌਜੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਵੱਖ-ਵੱਖ ਸਭਾ ਸੁਸਾਇਟੀਆਂ, ਗੁਰਦੁਆਰਾ ਪ੍ਰਬੰਧਕਾਂ, ਸਮਾਜਕ ਤੇ ਧਾਰਮਿਕ ਸੰਸਥਾਵਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਅਤੇ ਸ਼ਖ਼ਸੀਅਤਾਂ ਵੱਲੋਂ ਜਥੇਦਾਰ ਗੜਗੱਜ ਨੂੰ ਸਨਮਾਨਿਤ ਕੀਤਾ ਗਿਆ। ਮਾਨਬੀਬੜੀਆਂ ਪਿੰਡ ਦੇ ਲਗਭਗ ਦਸ ਸਿੰਘਾਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਪੂਰਨ ਕੀਤੀ ਹੈ, ਜਥੇਦਾਰ ਗੜਗੱਜ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

 ਇਨ੍ਹਾਂ ਪਿੰਡਾਂ ਵਿੱਚ ਸਿੱਖੀ ਪ੍ਰਚਾਰ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ, ਦੇਹਧਾਰੀ ਪਖੰਡੀ ਡੇਰੇਦਾਰਾਂ ਤੇ ਨਸ਼ਿਆਂ ਤੋਂ ਦੂਰ ਰਹਿਣ, ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ, ਸੰਗਤ ਨੂੰ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਲਈ ਦਸਵੰਧ ਕੱਢ ਕੇ ਉਸਦੀ ਸਾਰਥਕ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਭਵਾਨੀਗੜ੍ਹ ਅਤੇ ਮਾਨਬੀਬੜੀਆਂ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਜਥੇਦਾਰ ਗੜਗੱਜ ਨੇ ਸੰਗਰੂਰ ਤੋਂ ਵਿਨਰਜੀਤ ਸਿੰਘ ਗੋਲਡੀ ਸਮੇਤ ਅਨੇਕਾਂ ਹੀ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ ਦਾ ਪ੍ਰਣ ਕਰਵਾਇਆ।


Related Post