Sri Harmandir Sahib ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਸਪੇਨ ਦੇ ਨਿਆਂ ਮੰਤਰੀ ਰਾਮੋਨ ਏਸਪਾਦਾਲੇਰ ਦੀ ਮਹੱਤਵਪੂਰਨ ਮੁਲਾਕਾਤ
Amritsar News : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਪੇਨ ਦੀ ਧਰਤੀ ’ਤੇ ਸਪੇਨ ਸਰਕਾਰ ਦੇ ਨਿਆਂ, ਧਾਰਮਿਕ ਅਤੇ ਲੋਕਤੰਤਰਿਕ ਮਾਮਲਿਆਂ ਦੇ ਮੰਤਰੀ ਰਾਮੋਨ ਏਸਪਾਦਾਲੇਰ (Ramon Espadaler) ਵੱਲੋਂ ਖਾਸ ਸੱਦੇ ’ਤੇ ਆਪਣੇ ਦਫ਼ਤਰ ਵਿੱਚ ਬੁਲਾਇਆ ਗਿਆ। ਇਸ ਮਹੱਤਵਪੂਰਨ ਮੁਲਾਕਾਤ ਦੌਰਾਨ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਿਲਾਂ ਸੰਬੰਧੀ ਵਿਸਤ੍ਰਿਤ ਵਿਚਾਰ-ਚਰਚਾ ਕੀਤੀ ਗਈ।
ਮੁਲਾਕਾਤ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਸਿੱਖ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸਪਸ਼ਟ ਅਤੇ ਤੱਥਪੂਰਨ ਢੰਗ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਖ਼ਾਸ ਤੌਰ ’ਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ, ਦਸਤਾਰ ਅਤੇ ਕਕਾਰਾਂ ਨਾਲ ਸੰਬੰਧਿਤ ਮਸਲਿਆਂ, ਧਾਰਮਿਕ ਪਛਾਣ, ਰੋਜ਼ਗਾਰ ਅਤੇ ਸਮਾਜਿਕ ਜੀਵਨ ਵਿੱਚ ਆ ਰਹੀਆਂ ਦਿਕ਼ਕਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਸਲੇ ਸਿਰਫ਼ ਇੱਕ ਦੇਸ਼ ਤੱਕ ਸੀਮਤ ਨਹੀਂ, ਸਗੋਂ ਕਈ ਦੇਸ਼ਾਂ ਵਿੱਚ ਸਿੱਖਾਂ ਨੂੰ ਅਜੇ ਵੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਪੇਨ ਦੇ ਨਿਆਂ ਮੰਤਰੀ ਰਾਮੋਨ ਏਸਪਾਦਾਲੇਰ ਨੇ ਗਿਆਨੀ ਰਘਬੀਰ ਸਿੰਘ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਸਪੇਨ ਵਿੱਚ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਜਲਦੀ ਹੀ ਹੱਲ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸਪੇਨ ਸਰਕਾਰ ਧਾਰਮਿਕ ਆਜ਼ਾਦੀ ਅਤੇ ਲੋਕਤੰਤਰਿਕ ਮੁੱਲਾਂ ’ਤੇ ਪੂਰਾ ਵਿਸ਼ਵਾਸ ਰੱਖਦੀ ਹੈ ਅਤੇ ਹਰ ਧਰਮ ਦੇ ਮਾਨਣ ਵਾਲਿਆਂ ਨੂੰ ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਮੌਕੇ ’ਤੇ ਗਿਆਨੀ ਰਘਬੀਰ ਸਿੰਘ ਨੇ ਮੰਤਰੀ ਰਾਮੋਨ ਏਸਪਾਦਾਲੇਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੱਦਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿਰਫ਼ ਸਿੱਖਾਂ ਦਾ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਸ਼ਾਂਤੀ, ਸੇਵਾ ਅਤੇ ਭਾਈਚਾਰੇ ਦਾ ਕੇਂਦਰ ਹੈ। ਮੰਤਰੀ ਏਸਪਾਦਾਲੇਰ ਨੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਉਚਿਤ ਸਮੇਂ ’ਤੇ ਦਰਸ਼ਨਾਂ ਲਈ ਭਾਰਤ ਆਉਣ ਦੀ ਇੱਛਾ ਵੀ ਜਤਾਈ। ਇਹ ਮੁਲਾਕਾਤ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
- PTC NEWS