Petrol Diesel Price : ਡੀਜ਼ਲ ਤੇ 30 ਰੁਪਏ ਤੇ ਪੈਟਰੋਲ ਤੇ 6 ਰੁਪਏ ਦਾ ਘਾਟਾ, ਸਰਕਾਰ ਦੇ ਤਾਜ਼ਾ ਬਿਆਨ ਨੇ ਵਧਾਈ ਚਿੰਤਾ, ਜਾਣੋ ਕੀ ਪਵੇਗਾ ਅਸਰ ?

Petrol Diesel Price : ਪੈਟਰੋਲੀਅਮ ਮੰਤਰਾਲੇ ਨੇ ਕਿਹਾ ਕਿ ਸਰਕਾਰੀ ਤੇਲ ਕੰਪਨੀਆਂ ਡੀਜ਼ਲ 'ਤੇ ਲਗਭਗ ₹30 ਪ੍ਰਤੀ ਲੀਟਰ, ਪੈਟਰੋਲ 'ਤੇ ₹6 ਪ੍ਰਤੀ ਲੀਟਰ ਅਤੇ ਘਰੇਲੂ ਐਲਪੀਜੀ ਸਿਲੰਡਰ ਪ੍ਰਤੀ ਲਗਭਗ ₹700 ਦਾ ਨੁਕਸਾਨ ਝੱਲ ਰਹੀਆਂ ਹਨ।

By  KRISHAN KUMAR SHARMA June 9th 2026 08:54 PM -- Updated: June 9th 2026 08:57 PM

Petrol Diesel Price : ਦੇਸ਼ 'ਚ ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜ਼ਲ ਅਤੇ ਗੈਸ ਕੀਮਤਾਂ (LPG Gas Price) 'ਚ ਫਿਲਹਾਲ ਛੇਤੀ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਕੱਚੇ ਤੇਲ (Crude Oil Price) ਦੀਆਂ ਕੀਮਤਾਂ ਦਾ ਅਸਰ ਅਜੇ ਲੋਕਾਂ ਦੀ ਜੇਬ 'ਤੇ ਹੋਰ ਪਾ ਸਕਦੀ ਹੈ। ਆਮ ਆਦਮੀ ਜਿਥੇ ਪਹਿਲਾਂ ਹੀ ਪ੍ਰੇਸ਼ਾਨ ਹੋ ਰਿਹਾ ਹੈ, ਹੁਣ ਸਰਕਾਰ ਨੇ ਇੱਕ ਵਾਰ ਫਿਰ ਉਨ੍ਹਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਤੇਲ ਕੰਪਨੀਆਂ ਈਂਧਨ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਵੀ ਅਜੇ ਵੀ ਨੁਕਸਾਨ ਝੱਲ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕੀਮਤਾਂ ਵਿੱਚ ਹੋਰ ਵਾਧਾ ਹੋਣ ਵਾਲਾ ਹੈ।

ਪੈਟਰੋਲੀਅਮ ਮੰਤਰਾਲੇ ਦਾ ਬਿਆਨ

ਹਾਲ ਹੀ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ, ਪੈਟਰੋਲੀਅਮ ਮੰਤਰਾਲੇ ਨੇ ਕਿਹਾ ਕਿ ਸਰਕਾਰੀ ਤੇਲ ਕੰਪਨੀਆਂ (Oil Companies) ਡੀਜ਼ਲ 'ਤੇ ਲਗਭਗ ₹30 ਪ੍ਰਤੀ ਲੀਟਰ, ਪੈਟਰੋਲ 'ਤੇ ₹6 ਪ੍ਰਤੀ ਲੀਟਰ ਅਤੇ ਘਰੇਲੂ ਐਲਪੀਜੀ ਸਿਲੰਡਰ (LPG Gas Cylinder) ਪ੍ਰਤੀ ਲਗਭਗ ₹700 ਦਾ ਨੁਕਸਾਨ ਝੱਲ ਰਹੀਆਂ ਹਨ। ਮਿਲਾ ਕੇ, ਇਹ ਨੁਕਸਾਨ ਪ੍ਰਤੀ ਦਿਨ ₹600-₹700 ਕਰੋੜ ਬਣਦਾ ਹੈ।

ਪੈਟਰੋਲੀਅਮ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਮਲ ਖਨੂਜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਡੀਜ਼ਲ 'ਤੇ ਪ੍ਰਤੀ ਲੀਟਰ ਲਗਭਗ 30 ਰੁਪਏ ਦਾ ਨੁਕਸਾਨ ਹੁੰਦਾ ਹੈ। ਜਦੋਂ ਤੁਸੀਂ ਦਿੱਲੀ ਵਿੱਚ 95 ਰੁਪਏ ਵਿੱਚ ਡੀਜ਼ਲ ਖਰੀਦਦੇ ਹੋ, ਤਾਂ ਬਾਕੀ 30 ਰੁਪਏ ਅਸਲ ਵਿੱਚ ਕੰਪਨੀ ਵੱਲੋਂ ਸਹਿਣ ਕੀਤੇ ਜਾਂਦੇ ਹਨ ਅਤੇ ਪੈਟਰੋਲ ਲਈ, ਇਹ ਨੁਕਸਾਨ ਅਜੇ ਵੀ ਲਗਭਗ 6 ਰੁਪਏ ਪ੍ਰਤੀ ਲੀਟਰ ਹੈ। ਰੋਜ਼ਾਨਾ ਨੁਕਸਾਨ ਅਜੇ ਵੀ ਲਗਭਗ 600-700 ਕਰੋੜ ਰੁਪਏ ਹੈ।"

ਦੱਸ ਦਈਏ ਕਿ ਬੀਤੇ ਦਿਨ ਹੀ 7 ਜੂਨ ਨੂੰ ਸਰਕਾਰ ਦੀਆਂ ਤੇਲ ਕੰਪਨੀਆਂ ਨੇ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤ 29 ਰੁਪਏ ਵਧਾ ਦਿੱਤੀ ਹੈ। ਮੱਧ ਪੂਰਬ ਵਿੱਚ ਸੰਕਟ ਸ਼ੁਰੂ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਰਸੋਈ ਗੈਸ ਦੀ ਕੀਮਤ ਵਧਾਈ ਗਈ ਹੈ। (LPG Cylinder Price)

Related Post