ਤਾਮਿਲ ਸਿੱਖ ਨਾਲ ਅਪਮਾਨਜਨਕ ਵਤੀਰੇ ਸਬੰਧੀ ਸਰਕਾਰ Air india ਸਟਾਫ਼ ਨੂੰ ਸਜ਼ਾ ਯਕੀਨੀ ਬਣਾਵੇ : ਜਥੇਦਾਰ ਕੁਲਦੀਪ ਸਿੰਘ ਗੜਗੱਜ

Air india Tamil Sikh Controversy : ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਸਮੁੱਚਾ ਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ, ਉਦੋਂ ਉਨ੍ਹਾਂ ਦੇ ਸਿੱਖਾਂ ਨਾਲ ਅਜ਼ਾਦ ਦੇਸ਼ ਅੰਦਰ ਅਪਮਾਨਜਨਕ ਵਿਤਕਰਾ ਕੀਤਾ ਜਾ ਰਿਹਾ ਹੈ।

By  KRISHAN KUMAR SHARMA September 29th 2025 01:20 PM -- Updated: September 29th 2025 02:10 PM

Air india Tamil Sikh Controversy : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਵਿਰੁੱਧ ਬੀਤੇ ਦਿਨੀਂ ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ ਏਅਰ ਇੰਡੀਆ ਦੇ ਸਟਾਫ਼ ਵੱਲੋਂ ਕੀਤੇ ਗਏ ਵਿਤਕਰੇ ਤੇ ਅਪਮਾਨਜਨਕ ਵਤੀਰੇ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਸਮੁੱਚਾ ਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ, ਉਦੋਂ ਉਨ੍ਹਾਂ ਦੇ ਸਿੱਖਾਂ ਨਾਲ ਅਜ਼ਾਦ ਦੇਸ਼ ਅੰਦਰ ਅਪਮਾਨਜਨਕ ਵਿਤਕਰਾ ਕੀਤਾ ਜਾ ਰਿਹਾ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਜੀਵਨ ਸਿੰਘ ਨਾਲ ਜੋ ਘਟਨਾ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਵਾਪਰੀ ਹੈ ਉਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਗਹਿਰੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਏਅਰ ਇੰਡੀਆ ਨੇ ਇਸ ਮਾਮਲੇ ਵਿੱਚ ਜੀਵਨ ਸਿੰਘ ਅਤੇ ਦਿੱਲੀ ਅਧਾਰਿਤ ਐਡਵੋਕੇਟ ਨੀਨਾ ਸਿੰਘ ਪਾਸ ਲਿਖਤੀ ਈ-ਮੇਲ ਰਾਹੀਂ ਪ੍ਰਗਟ ਖੇਦ ਕੀਤਾ ਹੈ ਪਰੰਤੂ ਇਸ ਨਾਲ ਬਣਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਇਸ ਘਟਨਾ ਨਾਲ ਸਬੰਧਤ ਕੀਤੀ ਗਈ ਸਮੁੱਚੀ ਜਾਂਚ ਨੂੰ ਪਾਰਦਰਸ਼ਤਾ ਦੇ ਮੱਦੇਨਜ਼ਰ ਜਨਤਕ ਕਰੇ ਅਤੇ ਇਹ ਵੀ ਦੱਸੇ ਕਿ ਸਟਾਫ਼ ਮੈਂਬਰਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਦੇਸ਼ ਅੰਦਰ ਸਿੱਖ ਕਕਾਰਾਂ ਤੇ ਸਿੱਖ ਪਛਾਣ ਵਿਰੁੱਧ ਕਾਰਵਾਈਆਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਬੀਤੇ ਸਮੇਂ ਰਾਜਸਥਾਨ ਅੰਦਰ ਅੰਮ੍ਰਿਤਧਾਰੀ ਸਿੱਖ ਬੱਚੀ ਨੂੰ ਉਸ ਦੇ ਕਕਾਰਾਂ ਕਰਕੇ ਜੋਧਪੁਰ ਹਾਈ ਕੋਰਟ ਦੇ ਜੂਡੀਸ਼ੀਅਲ ਪੇਪਰ ਵਿੱਚ ਬੈਠਣ ਨਹੀਂ ਦਿੱਤਾ ਗਿਆ ਸੀ ਅਤੇ ਦੇਸ਼ ਦੇ ਕਈ ਕੋਨਿਆਂ ਵਿੱਚੋਂ ਸਿੱਖ ਬੱਚਿਆਂ ਦੇ ਕੜੇ ਲੁਹਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੁਰੱਖਿਆ ਬਿਊਰੋ ਵੱਲੋਂ ਵੀ ਦੇਸ਼ ਦੇ ਹਵਾਈ ਅੱਡਿਆਂ ਵਿੱਚ ਅੰਮ੍ਰਿਤਧਾਰੀ ਕਰਮਚਾਰੀਆਂ ਉੱਤੇ ਕਿਰਪਾਨ ਪਹਿਨ ਕੇ ਜਾਣ ਤੋਂ ਰੋਕ ਵਾਲਾ ਸਰਕੂਲਰ ਸਿੱਖ ਸੰਸਥਾਵਾਂ ਦੇ ਵਿਰੋਧ ਦੇ ਬਾਵਜੂਦ ਹਾਲੇ ਤੱਕ ਵਾਪਸ ਨਹੀਂ ਲਿਆ ਗਿਆ ਜੋ ਕਿ ਸਿੱਖਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਕਿਹਾ ਇਨ੍ਹਾਂ ਵਰਤਾਰਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰਾਂ ਸਿੱਖ ਸਰੋਕਾਰਾਂ, ਪਛਾਣ ਤੇ ਕਕਾਰਾਂ ਪ੍ਰਤੀ ਸੰਜੀਦਾ ਪਹੁੰਚ ਨਹੀਂ ਰੱਖਦੀਆਂ। 

ਉਨ੍ਹਾਂ ਸਿੱਖ ਕੌਮ ਨੂੰ ਵੀ ਹਦਾਇਤ ਕੀਤੀ ਕਿ ਜਿੱਥੇ ਕਿਤੇ ਵੀ ਸਿੱਖ ਪਛਾਣ ਤੇ ਕਕਾਰਾਂ ਵਿਰੁੱਧ ਕੋਈ ਕਾਰਵਾਈ ਹੋਵੇ ਤਾਂ ਉਸ ਵਿਰੁੱਧ ਸਮੂਹਕ ਰੂਪ ਵਿੱਚ ਦੋਸ਼ੀਆਂ ਖਿਲਾਫ਼ ਅਵਾਜ਼ ਉਠਾਈ ਜਾਵੇ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਇਹ ਯਕੀਨੀ ਬਣਾਵੇ ਕਿ ਦੇਸ਼ ਅੰਦਰ ਕਿਤੇ ਵੀ ਸਿੱਖ ਪਛਾਣ, ਸਿੱਖ ਕਕਾਰਾਂ ਵਿਰੁੱਧ ਕੋਈ ਕਾਰਵਾਈ ਨਾ ਹੋਵੇ ਅਤੇ ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਪੱਧਰ ਦੇ ਜ਼ਰੂਰੀ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਜੇਕਰ ਫਿਰ ਵੀ ਕੋਈ ਸਿੱਖ ਵਿਰੋਧੀ ਕਾਰਵਾਈ ਕਰਦਾ ਹੈ ਤਾਂ ਸਬੰਧਤ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਲਾਜ਼ਮੀ ਹੋਣੀ ਚਾਹੀਦੀ ਹੈ।

Related Post