ਭੀਮਾ-ਕੋਰੇਗਾਂਵ ਹਿੰਸਾ : ਸਟੇਨ ਸਵਾਮੀ ਦੇ ਕੰਪਿਊਟਰ 'ਚ ਹੈਕਰ ਨੇ ਪਲਾਂਟ ਕੀਤੇ ਸਨ ਇਤਰਾਜ਼ਯੋਗ ਦਸਤਾਵੇਜ਼ : ਰਿਪੋਰਟ

By  Ravinder Singh December 13th 2022 08:23 PM

ਨਵੀਂ ਦਿੱਲੀ : ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਵਿੱਚ ਕਾਰਕੁੰਨ ਫਾਦਰ ਸਟੇਨ ਸਵਾਮੀ ਨਾਲ ਜੁੜੇ ਮਾਮਲੇ ਵਿੱਚ ਇੱਕ ਅਮਰੀਕੀ ਫੋਰੈਂਸਿਕ ਫਰਮ ਦੀ ਨਵੀਂ ਰਿਪੋਰਟ ਵਿੱਚ ਸਨਸਨੀਖੇਜ ਖ਼ੁਲਾਸੇ ਹੋਏ ਹਨ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਫਾਦਰ ਸਟੇਨ ਸਵਾਮੀ ਦੇ ਕੰਪਿਊਟਰ 'ਤੇ ਕਈ ਇਤਰਾਜ਼ਯੋਗ ਦਸਤਾਵੇਜ਼ ਪਲਾਂਟ ਕੀਤੇ ਗਏ ਸਨ। ਫਾਦਰ ਸਟੇਨ ਨੂੰ 2020 ਵਿੱਚ ਕਥਿਤ ਅੱਤਵਾਦੀ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਅਮਰੀਕੀ ਫੈਰੋਂਸਿਕ ਫਰਮ ਦੀ ਇਹ ਰਿਪੋਰਟ ਭੀਮਾ-ਕੋਰੇਗਾਂਵ ਹਿੰਸਾ ਕੇਸ ਵਿਚ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਦੋਸ਼ਾਂ ਉਤੇ ਸਵਾਲੀਆਂ ਨਿਸ਼ਾਨ ਲਗਾਉਂਦੀ ਹੈ। ਐਨਆਈਏ ਨੇ ਆਪਣੀ ਜਾਂਚ ਵਿੱਚ ਫਾਦਰ ਸਟੇਨ ਸਵਾਮੀ ਅਤੇ ਕਥਿਤ ਮਾਓਵਾਦੀ ਨੇਤਾਵਾਂ ਦਰਮਿਆਨ ਕਥਿਤ ਇਲੈਕਟ੍ਰਾਨਿਕ ਸੰਚਾਰ ਦੇ ਗੰਭੀਰ ਦੋਸ਼ ਲਾਏ ਸਨ।


ਫਾਦਰ ਸਟੇਨ ਸਵਾਮੀ ਦੇ ਵਕੀਲਾਂ ਵੱਲੋਂ ਰੱਖੇ ਗਏ ਬੋਸਟਨ ਸਥਿਤ ਇਕ ਫੈਰੋਂਸਿਕ ਸੰਗਠਨ ਆਰਸੇਨਲ ਕੰਸਲਟਿੰਗ ਦਾ ਕਹਿਣਾ ਹੈ ਕਿ ਅਖੌਤੀ ਮਾਓਵਾਦੀ ਪੱਤਰਾਂ ਸਮੇਤ ਲਗਭਗ 44 ਦਸਤਾਵੇਜ਼ ਇਕ ਅਣਪਛਾਤੇ ਸਾਈਬਰ ਹੈਕਰ ਨੇ ਲਗਾਏ ਸਨ। ਇਕ ਲੰਬੀ ਮਿਆਦ ਲਈ ਸਟੇਨ ਸਵਾਮੀ ਦੇ ਕੰਪਿਊਟਰ ਦਾ ਐਕਸੈੱਸ ਹਾਸਲ ਕੀਤਾ ਸੀ।


ਸ਼ੁਰੂਆਤੀ ਦਿਨਾਂ 'ਚ ਸਟੇਨ ਸਵਾਮੀ ਨੇ ਪਾਦਰੀ ਦੇ ਤੌਰ 'ਤੇ ਕੰਮ ਕੀਤਾ ਪਰ ਫਿਰ ਕਬਾਇਲੀ ਅਧਿਕਾਰਾਂ ਲਈ ਲੜਨਾ ਸ਼ੁਰੂ ਕਰ ਦਿੱਤਾ। ਇੱਕ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਉਸਨੇ ਝਾਰਖੰਡ ਵਿੱਚ ਜਨਤਕ ਵਿਕਾਸ ਅੰਦੋਲਨ ਦੀ ਸਥਾਪਨਾ ਵੀ ਕੀਤੀ। ਇਹ ਜਥੇਬੰਦੀ ਆਦਿਵਾਸੀਆਂ ਅਤੇ ਦਲਿਤਾਂ ਦੇ ਹੱਕਾਂ ਲਈ ਲੜਦੀ ਹੈ। ਸਟੇਨ ਸਵਾਮੀ ਯੂਰੇਨੀਅਮ ਰੇਡੀਏਸ਼ਨ ਖਿਲਾਫ ਝਾਰਖੰਡ ਸੰਗਠਨ ਨਾਲ ਵੀ ਜੁੜੇ ਹੋਏ ਸਨ, ਜਿਸ ਨੇ ਯੂਰੇਨੀਅਮ ਕਾਰਪੋਰੇਸ਼ਨ ਖਿਲਾਫ 1996 ਵਿੱਚ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਚਾਈਬਾਸਾ 'ਚ ਇਕ ਡੈਮ ਦਾ ਨਿਰਮਾਣ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਕੈਨੇਡਾ ਦਾ ਬਣਿਆ ਪੰਜਾਬ ਵਰਗਾ ਮਾਹੌਲ, 17 ਦਿਨਾਂ 'ਚ 5 ਪੰਜਾਬੀਆਂ ਦੀ ਹੱਤਿਆ ਨਾਲ ਸਹਿਮ

ਸਾਲ 2010 ਵਿੱਚ ਫਾਦਰ ਸਟੇਨ ਸਵਾਮੀ ਦੀ ਕਿਤਾਬ 'ਜੇਲ੍ਹ ਵਿੱਚ ਕੈਦੀਆਂ ਦਾ ਸੱਚ' ਪ੍ਰਕਾਸ਼ਿਤ ਹੋਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕਿਵੇਂ ਕਬਾਇਲੀ ਨੌਜਵਾਨਾਂ ਨੂੰ ਨਕਸਲਵਾਦੀ ਹੋਣ ਦੇ ਝੂਠੇ ਦੋਸ਼ 'ਚ ਜੇਲ੍ਹਾਂ 'ਚ ਡੱਕਿਆ ਗਿਆ ਸੀ। ਉਸ ਨਾਲ ਕੰਮ ਕਰਨ ਵਾਲੀ ਭੈਣ ਅਨੂ ਨੇ ਦੱਸਿਆ ਕਿ ਸਵਾਮੀ ਜੇਲ੍ਹ 'ਚ ਵੀ ਗਰੀਬ ਆਦਿਵਾਸੀਆਂ ਨੂੰ ਮਿਲਣ ਜਾਂਦੇ ਸਨ ਤੇ 2014 ਵਿਚ ਉਸ ਨੇ ਇਕ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਨਕਸਲੀ ਹੋਣ ਦੇ ਨਾਂ 'ਤੇ ਕੀਤੀਆਂ ਗਈਆਂ 3000 ਗ੍ਰਿਫਤਾਰੀਆਂ ਵਿਚੋਂ 97 ਫ਼ੀਸਦੀ ਮੁਲਜ਼ਮਾਂ ਦਾ ਨਕਸਲੀ ਲਹਿਰ ਨਾਲ ਕੋਈ ਸਬੰਧ ਨਹੀਂ ਸੀ। ਇਸ ਦੇ ਬਾਵਜੂਦ ਇਹ ਨੌਜਵਾਨ ਜੇਲ੍ਹ ਵਿੱਚ ਡੱਕੇ ਹੋਏ ਹਨ। ਆਪਣੇ ਅਧਿਐਨ ਵਿੱਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਝਾਰਖੰਡ ਦੀਆਂ ਜੇਲ੍ਹਾਂ ਵਿੱਚ 31 ਫ਼ੀਸਦੀ ਅੰਡਰ ਟਰਾਇਲ ਆਦਿਵਾਸੀ ਹਨ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਗਰੀਬ ਆਦਿਵਾਸੀ ਹਨ।

Related Post