ਭਾਰਤੀ ਫੌਜ ਦੀ ਤਾਕਤ 'ਚ ਹੋਇਆ ਵਾਧਾ, ਅਮਰੀਕਾ ਤੋਂ ਭਾਰਤ ਪਹੁੰਚੇ 3 Apache ਲੜਾਕੂ ਜਹਾਜ਼
Apache Helicopter : ਭਾਰਤੀ ਫੌਜ ਜਿਸ ਲੜਾਕੂ ਹੈਲੀਕਾਪਟਰਾਂ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ, ਉਨ੍ਹਾਂ ਦਾ ਪਹਿਲਾ ਜੱਥਾ ਭਾਰਤ ਪਹੁੰਚ ਗਿਆ ਹੈ। ਅਮਰੀਕਾ ਤੋਂ ਤਿੰਨ ਅਪਾਚੇ ਹੈਲੀਕਾਪਟਰ ਭਾਰਤ ਆ ਗਏ ਹਨ। ਇਹ ਹੈਲੀਕਾਪਟਰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ (India Pakistan Border) ਤਾਇਨਾਤ ਕੀਤੇ ਜਾਣੇ ਹਨ। 'ਹਵਾ ਵਿੱਚ ਟੈਂਕ' ਵਜੋਂ ਜਾਣੇ ਜਾਂਦੇ, AH-64E ਉੱਨਤ ਲੜਾਕੂ ਹੈਲੀਕਾਪਟਰ ਹਨ, ਜੋ ਭਾਰਤੀ ਫੌਜ ਦੀ ਤਾਕਤ ਨੂੰ ਵਧਾਉਣਗੇ।
ਭਾਰਤੀ ਫੌਜ ਇਨ੍ਹਾਂ ਅਤਿ-ਆਧੁਨਿਕ ਹੈਲੀਕਾਪਟਰਾਂ ਨੂੰ ਪੱਛਮੀ ਮੋਰਚੇ 'ਤੇ ਜੋਧਪੁਰ ਵਿੱਚ ਤਾਇਨਾਤ ਕਰੇਗੀ। ਇਸ ਤਾਇਨਾਤੀ ਨਾਲ ਖੇਤਰ ਵਿੱਚ ਫੌਜ ਦੀ ਹਮਲਾ ਕਰਨ ਦੀ ਸਮਰੱਥਾ ਵਧਣ ਦੀ ਉਮੀਦ ਹੈ। ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਕੋਲ ਪਹਿਲਾਂ ਹੀ ਅਪਾਚੇ ਹੈਲੀਕਾਪਟਰ ਹਨ, ਅਤੇ ਹੁਣ ਭਾਰਤੀ ਫੌਜ ਕੋਲ ਵੀ ਅਪਾਚੇ ਲੜਾਕੂ ਹੈਲੀਕਾਪਟਰ ਹੋਣਗੇ।
ਫੌਜ ਦਾ ਪਹਿਲਾ ਅਪਾਚੇ ਸਕੁਐਡਰਨ 15 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਰਾਜਸਥਾਨ ਦੇ ਜੋਧਪੁਰ ਵਿੱਚ ਸਥਾਪਤ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਹਵਾਈ ਸੈਨਾ ਦੇ ਦੋ ਸਕੁਐਡਰਨ (ਇੱਕ ਪਠਾਨਕੋਟ ਵਿੱਚ ਅਤੇ ਦੂਜਾ ਜੋਰਹਾਟ ਵਿੱਚ) ਪਹਿਲਾਂ ਹੀ ਸਰਗਰਮ ਹਨ।
ਅਮਰੀਕਾ ਨਾਲ ਇੱਕ ਵੱਡੇ ਸੌਦੇ ਦਾ ਨਤੀਜਾ
ਇਸ ਤੋਂ ਪਹਿਲਾਂ, ਭਾਰਤੀ ਹਵਾਈ ਸੈਨਾ ਨੇ ਅਮਰੀਕੀ ਸਰਕਾਰ ਅਤੇ ਬੋਇੰਗ ਨਾਲ ਇੱਕ ਸਮਝੌਤੇ ਦੇ ਤਹਿਤ 22 ਅਪਾਚੇ ਹੈਲੀਕਾਪਟਰ ਖਰੀਦੇ ਸਨ। ਅਮਰੀਕਾ ਨੇ ਜੁਲਾਈ 2020 ਤੱਕ ਭਾਰਤੀ ਹਵਾਈ ਸੈਨਾ ਨੂੰ ਸਾਰੇ 22 ਅਪਾਚੇ ਲੜਾਕੂ ਹੈਲੀਕਾਪਟਰਾਂ ਦੀ ਸਪਲਾਈ ਪੂਰੀ ਕਰ ਲਈ। ਉਸੇ ਸਾਲ ਬਾਅਦ ਵਿੱਚ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (ਆਪਣੇ ਪਹਿਲੇ ਕਾਰਜਕਾਲ ਦੌਰਾਨ) ਭਾਰਤ ਆਏ, ਤਾਂ ਭਾਰਤ ਨੇ ਛੇ ਅਪਾਚੇ ਹੈਲੀਕਾਪਟਰ ਖਰੀਦਣ ਲਈ ਇੱਕ ਸੌਦੇ 'ਤੇ ਦਸਤਖਤ ਕੀਤੇ।
ਭਾਰਤ ਦਾ ਅਮਰੀਕਾ ਨਾਲ ਇਹ ਸੌਦਾ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੈ। ਇੱਕ ਅਪਾਚੇ ਹੈਲੀਕਾਪਟਰ ਦੀ ਕੀਮਤ 860 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪਹਿਲੇ ਪੜਾਅ ਵਿੱਚ, 6 ਵਿੱਚੋਂ 3 ਅਪਾਚੇ ਹੈਲੀਕਾਪਟਰ ਭਾਰਤ ਪਹੁੰਚ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਦੀ ਡਿਲੀਵਰੀ ਇੱਕ ਸਾਲ ਪਹਿਲਾਂ ਹੋਣੀ ਸੀ, ਜਿਸ ਵਿੱਚ ਦੇਰੀ ਹੋ ਗਈ। ਬਾਕੀ 3 ਹੈਲੀਕਾਪਟਰਾਂ ਦੇ ਨਵੰਬਰ ਤੱਕ ਭਾਰਤ ਪਹੁੰਚਣ ਦੀ ਉਮੀਦ ਹੈ।
- PTC NEWS