Punjab University protest : ਪੰਜਾਬ ਚ ਹਰਿਆਣਾ ਪੁਲਿਸ ਦਾ ਨਾਕਾ ! ਇਹ ਆਪਣੇ ਆਪ ਚ ਬਹੁਤ ਹੀ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ : ਸੁਖਬੀਰ ਸਿੰਘ ਬਾਦਲ

Punjab University protest : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀਆਂ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਬਹਿਸ ਵੀ ਹੋ ਰਹੀ ਹੈ। ਪੁਲਿਸ ਪ੍ਰਬੰਧਾਂ ਨੂੰ ਦੇਖ ਕੇ ਵਿਦਿਆਰਥੀਆਂ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਉੱਥੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨ

By  Shanker Badra November 10th 2025 02:25 PM -- Updated: November 10th 2025 02:28 PM

Punjab University protest : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀਆਂ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਬਹਿਸ ਵੀ ਹੋ ਰਹੀ ਹੈ। ਪੁਲਿਸ ਪ੍ਰਬੰਧਾਂ ਨੂੰ ਦੇਖ ਕੇ ਵਿਦਿਆਰਥੀਆਂ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਉੱਥੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨ।

ਮੋਹਾਲੀ-ਚੰਡੀਗੜ੍ਹ ਬਾਰਡਰ ਵੱਲ ਆਉਣ -ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਹਨ। ਇਸ ਦੌਰਾਨ ਪੰਜਾਬ ਦੇ ਮੋਹਾਲੀ 'ਚ ਪੰਜਾਬ ਪੁਲਿਸ ਦੀ ਬਜਾਏ ਹਰਿਆਣਾ ਪੁਲਿਸ ਦੀ ਡਿਊਟੀ ਲਗਾਈ ਗਈ ਹੈ। ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਹੈ। 

ਉਨ੍ਹਾਂ ਨੇ ਲਿਖਿਆ ;ਪੰਜਾਬ ਵਿੱਚ ਹਰਿਆਣਾ ਪੁਲਿਸ ਦਾ ਨਾਕਾ! ਇਹ ਆਪਣੇ ਆਪ ਵਿੱਚ ਬਹੁਤ ਹੀ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ। ਭਗਵੰਤ ਮਾਨ ਸਰਕਾਰ ਨੇ ਪਹਿਲਾਂ ਹੀ ਸੂਬੇ ਦੇ ਸਾਰੇ ਹਿੱਤ ਕੇਂਦਰ ਕੋਲ ਗਿਰਵੀ ਰੱਖ ਛੱਡੇ ਸਨ, ਪਰ ਅੱਜ ਹਥਿਆਰਬੰਦ ਹਰਿਆਣਾ ਪੁਲੀਸ ਨੂੰ ਮੋਹਾਲੀ ਵਿਖੇ ਨਾਕਾ ਲਾ ਕੇ ਪੰਜਾਬੀਆਂ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਵੱਲ ਹੀ ਜਾਣ ਤੋਂ ਰੋਕਣ ਦਾ ਅਧਿਕਾਰ ਦੇ ਕੇ ਉਸ ਨੇ ਬੇਸ਼ਰਮੀ ਅਤੇ ਗੁਲਾਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਇਸ ਦੇ ਚਲਦਿਆਂ ਅਨੇਕਾਂ ਕੁਰਬਾਨੀਆਂ ਵੀ ਦਿੱਤੀਆਂ। ਇੱਕ ਪਾਸੇ ਅਸੀਂ ਲੰਮੇ ਸਮੇਂ ਤੋਂ ਚੰਡੀਗੜ੍ਹ 'ਤੇ ਆਪਣੇ ਹੱਕ ਦੀ ਲੜਾਈ ਲੜਦੇ ਆ ਰਹੇ ਹਾਂ ਅਤੇ ਦੂਜੇ ਪਾਸੇ ਦਿੱਲੀ ਦੇ ਇਸ਼ਾਰਿਆਂ 'ਤੇ ਚਲਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਹੀ ਪੰਜਾਬੀਆਂ ਨੂੰ ਕੈਦ ਕਰ ਛੱਡਿਆ, ਜੋ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਖ਼ੈਰ, ਇਨ੍ਹਾਂ ਤੋਂ ਕੋਈ ਹੋਰ ਚੰਗੀ ਉਮੀਦ ਰੱਖੀ ਵੀ ਨਹੀਂ ਜਾ ਸਕਦੀ ਕਿਉਂਕਿ ਇਨ੍ਹਾਂ ਨੇ ਤਾਂ ਕਿਸਾਨੀ ਸੰਘਰਸ਼ ਸਮੇਂ ਦੂਜੇ ਸੂਬੇ ਹਰਿਆਣਾ ਦੀ ਗੋਲੀ ਨਾਲ ਆਪਣੇ ਪੰਜਾਬ ਦੀ ਧਰਤੀ 'ਤੇ ਹੋਈ ਸੰਘਰਸ਼ੀ ਪੰਜਾਬੀ ਨੌਜਵਾਨ ਦੀ ਸ਼ਹੀਦੀ 'ਤੇ ਵੀ ਚੁੱਪ ਵੱਟ ਲਈ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਜਿੱਥੇ ਮੈਂ ਭਗਵੰਤ ਮਾਨ ਅਤੇ ਉਸਦੀ ਗੂੰਗੀ ਬੋਲੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਉੱਥੇ ਹੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਨ ਹਮਾਇਤ ਵੀ ਕਰਦਾ ਹਾਂ। ਮੈਨੂੰ ਮਾਣ ਹੈ ਕਿ ਸਾਡਾ ਵਿਦਿਆਰਥੀ ਵਿੰਗ - ਸਟੂਡੈਂਟਸ ਆਰਗਨਾਈਜ਼ੇਸ਼ਨ ਆਫ ਇੰਡੀਆ (SOI) - ਯੂਨੀਵਰਸਟੀ ਦੀ ਇਸ ਲੜਾਈ ਵਿੱਚ ਪੂਰਾ ਡਟ ਕੇ ਜ਼ਬਰ ਦਾ ਮੁਕਾਬਲਾ ਕਰ ਰਿਹਾ ਹੈ ਅਤੇ ਅਸੀਂ ਹਰ ਤਰੀਕੇ ਇਸ ਸੰਘਰਸ਼ ਦੇ ਨਾਲ ਹਾਂ।

ਦੱਸ ਦੇਈਏ ਕਿ ਕਿਸਾਨ ਮੋਹਾਲੀ-ਚੰਡੀਗੜ੍ਹ ਸਰਹੱਦ ਦੇ ਫੇਜ਼ 6 ਵਿੱਚ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਨਿਕਲ ਗਏ ਹਨ। ਉਹ ਹੁਣ ਚੰਡੀਗੜ੍ਹ ਦੇ ਪੀਯੂ ਵੱਲ ਵਧ ਰਹੇ ਹਨ। ਪੁਲਿਸ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਮੋਹਾਲੀ ਵਿੱਚ ਹਰਿਆਣਾ ਪੁਲਿਸ ਤਾਇਨਾਤ ਹੈ।


Related Post