ਹਾਈ ਬਲੱਡ ਪ੍ਰੈਸ਼ਰ ਅੱਖਾਂ ਤੋਂ ਲੈ ਕੇ ਨਸਾਂ ਲਈ ਹੈ ਖਤਰਨਾਕ, ਇੰਝ ਕਰੋ ਕੰਟਰੋਲ

By  Aarti November 30th 2022 12:24 PM

ਚੰਡੀਗੜ੍ਹ, 30 ਨਵੰਬਰ: ਬਲੱਡ ਪ੍ਰੈਸ਼ਰ ਵੱਧਣ ਦੇ ਕਈ ਕਾਰਨ ਹੋ ਸਕਦੇ ਹਨ, ਹਾਲਾਂਕਿ ਮਨੁੱਖੀ ਸਰੀਰ ਅੰਦਰ ਇਹ ਸਮੱਸਿਆ ਅਕਸਰ ਹੀ ਬਣੀ ਰਹਿੰਦੀ ਹੈ। ਜਿਸ ਕਾਰਨ ਡਾਕਟਰਾਂ ਵੱਲੋਂ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਬਲੱਡ ਪ੍ਰੈਸ਼ਰ ਦਾ 140/90 ਜਾਂ ਇਸ ਤੋਂ ਜਿਆਦਾ ਬਣਿਆ ਰਹਿਣਾ ਹਾਈ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ।  

ਹਾਈ ਬਲੱਡ ਪ੍ਰੈਸ਼ਰ ਵੱਧਣ ਦੀ ਸਥਿਤੀ ਵਿੱਚ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਆਮਤੌਰ ’ਤੇ ਇਸ ਨੂੰ ਦਿਲ ਦੇ ਰੋਗਾਂ ਦੇ ਲਈ ਪ੍ਰਮੁੱਖ ਕਾਰਣ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਾਈ ਬਲੱਡ ਪ੍ਰੈਸ਼ਰ ਅੱਖਾਂ, ਕਿਡਨੀ ਅਤੇ ਨਸਾਂ ਦੇ ਲਈ ਵੀ ਕਾਫੀ ਖਤਰਨਾਕ ਹੁੰਦਾ ਹੈ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ, ਆਪਣੇ ਬਲੱਡ ਪ੍ਰੈਸ਼ਰ ਦਾ ਪ੍ਰਬੰਧਨ ਕਰਕੇ, ਤੁਸੀਂ ਗੰਭੀਰ ਸਿਹਤ ਸਮੱਸਿਆਵਾਂ ਦੇ ਆਪਣੇ ਜੋਖਮ ਨੂੰ ਘਟਾ ਸਕਦੇ ਹੋ। ਇਨ੍ਹਾਂ ਹੀ ਨਹੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ 'ਚ ਆਮ ਘਰੇਲੂ ਨੁਸਖੇ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। 

ਹਾਈ ਬਲੱਡ ਪ੍ਰੈਸ਼ਰ ਦੇ ਲੱਛਣ 

ਡਾਕਟਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਕੋਈ ਲੱਛਣ ਨਹੀ ਹੁੰਦੇ ਹਨ। ਹਾਲਾਂਕਿ ਕੁਝ ਲੋਕਾਂ ਨੂੰ ਸਿਰਦਰਦ, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ ਅਤੇ ਘਬਰਾਹਟ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ’ਤੇ ਪਛਾਣ ਕਰਕੇ ਇਸਦਾ ਉਪਾਅ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸਦੇ ਬਚਾਅ ਦੇ ਲਈ ਤਿੰਨ ਸੁਝਾਅ ਹਨ ਜਿਸ ਨੂੰ ਅਪਣਾ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਲਿਆਂਦਾ ਜਾ ਸਕਦਾ ਹੈ।  

ਭੋਜਨ ਵਿੱਚ ਸੋਡੀਅਮ ਦੀ ਰੱਖੋ ਘੱਟ ਮਾਤਰਾ 

ਖੋਜਕਰਤਾਵਾਂ ਨੇ ਮੰਨਿਆ ਹੈ ਕਿ ਭੋਜਨ ਦੇ ਵਿੱਚ ਸੋਡੀਅਮ ਦਾ ਜਿਆਦਾ ਇਸਤੇਮਾਵ ਵੀ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕਾਰਣ ਹੋ ਸਕਦਾ ਹੈ। ਅਮਰੀਕੀ ਹਾਰਟ ਐਸੋਸੀਏਸ਼ਨ ਦੇ ਮਾਹਰਾਂ ਦੇ ਮੁਤਾਬਿਕ ਪੂਰੇ ਦਿਨ ਵਿੱਚ 2300 ਮਿਲੀਗ੍ਰਾਮ ਯਾਨੀ ਇੱਕ ਵੱਡੇ ਚੱਮਚ ਤੋਂ ਜਿਆਦਾ ਮਾਤਰਾ ਵਿੱਚ ਲੂਣ ਖਾਣਾ ਨਹੀਂ ਚਾਹੀਦਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵਧ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੋ ਲੋਕ ਜਿਆਦਾ ਲੂਣ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਵਿੱਚ ਹੋਰ ਲੋਕਾਂ ਦੇ ਮੁਕਾਬਲੇ ਬਲੱਡ ਪ੍ਰੈਸ਼ਰ ਵੱਧਣ ਦਾ ਖਤਰਾ ਜ਼ਿਆਦਾ ਹੋ ਜਾਂਦਾ ਹੈ। 

ਪੋਟਾਸ਼ੀਅਮ ਨਾਲ ਭਰਪੂਰ ਭੋਜਨ ਦਾ ਕਰੋ ਸੇਵਨ 

ਪੋਟਾਸ਼ੀਅਮ ਮਨੁੱਖੀ ਸਰੀਰ ਅੰਦਰ ਲੂਣ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਉਂਦਾ ਹੈ। ਇਨ੍ਹਾਂ ਹੀ ਨਹੀਂ ਪੋਟਾਸ਼ੀਅਮ ਦਿਲ ਦੀ ਸਿਹਤ ਨੂੰ ਠੀਕ ਰੱਖਣ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸਭ ਤੋਂ ਵਧੀਆ ਖਣਿਜਾਂ ਵਿੱਚੋਂ ਇੱਕ ਹੈ। ਦੱਸ ਦਈਏ ਕਿ ਕੇਲਾ, ਟਮਾਟਰ, ਐਵੋਕਾਡੋ, ਦੁੱਧ, ਦਹੀਂ, ਫਲੀਆਂ, ਮੇਵੇ ਆਦਿ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਸਰੀਰ ਲਈ ਜ਼ਰੂਰੀ ਕਸਰਤ 

ਮਨੁੱਖੀ ਸਰੀਰ ਦੇ ਲਈ ਕਸਰਤ ਕਾਫੀ ਫਾਇਦੇਮੰਦ ਹੁੰਦੀ ਹੈ। ਕਸਰਤ ਹੀ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ। ਮਾਹਿਰਾਂ ਨੇ ਪਾਇਆ ਹੈ ਕਿ ਕਸਰਤ ਦੀ ਆਦਤ ਪਾਉਣਾ ਵੀ ਨਸਾਂ ਅਤੇ ਦਿਲ ਨੂੰ ਤੰਦਰੁਸਤ ਰੱਖਣ ਵਿਚ ਲਾਭਦਾਇਕ ਹੈ। ਸਿਹਤ ਮਾਹਿਰਾਂ ਅਨੁਸਾਰ ਸਾਰੇ ਲੋਕਾਂ ਨੂੰ ਰੋਜ਼ਾਨਾ 30 ਮਿੰਟ ਦੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।

ਇਹ ਵੀ ਪੜੋ: ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਖਾਓ ਇਹ ਫਲ

< color="#000000">ਬੇਦਾਅਵਾ: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Related Post