ਹੋਲੇ ਮਹੱਲੇ ਦੌਰਾਨ ਊਨਾ 'ਚ ਡਿੱਗੇ ਪੱਥਰ, 2 ਸ਼ਰਧਾਲੂਆਂ ਦੀ ਮੌਤ, 7 ਗੰਭੀਰ, ਸਾਰੇ ਪੰਜਾਬੀ

By  KRISHAN KUMAR SHARMA March 25th 2024 11:25 AM -- Updated: March 25th 2024 12:54 PM

holi incident land sliding in una: ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਵੱਡਾ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਪਹਾੜਾਂ ਤੋਂ ਪੱਥਰ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 7 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸਾ ਊਨਾ ਦੇ ਬਾਬਾ ਵਡਭਾਗ ਸਿੰਘ ਦੇ ਚਰਣ ਗੰਗਾ ਨਾਂ ਦੀ ਥਾਂ 'ਤੇ ਵਾਪਰਿਆ ਹੈ।

ਸਵੇਰੇ ਸਮੇਂ ਅਚਾਨਕ ਡਿੱਗਣ ਲੱਗੇ ਪਹਾੜੀ ਤੋਂ ਪੱਥਰ

ਜਾਣਕਾਰੀ ਅਨੁਸਾਰ ਹਾਦਸਾ ਪਹਾੜਾਂ ਤੋਂ ਪੱਥਰ ਡਿੱਗਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਇਥੇ ਹੋਲਾ ਮਹੱਲੇ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਸ਼ਰਧਾਲੂਆਂ ਦੇ ਇਥੇ ਚਰਣ ਗੰਗਾ 'ਚ ਨਹਾਉਂਦੇ ਸਮੇਂ ਪੱਥਰ ਡਿੱਗਣ ਦੀ ਘਟਨਾ ਵਾਪਰੀ। ਪੁਲਿਸ ਥਾਣਾ ਅੰਬ ਅਧੀਨ ਪੈਂਦੇ ਮੇੜੀ ਮੇਲਾ ਸੈਕਟਰ ਨੰਬਰ 05 ਚਰਣ ਗੰਗਾ ਵਿਖੇ ਇਹ ਹਾਦਸਾ ਸਵੇਰੇ 4.45 ਵਜੇ ਦੇ ਕਰੀਬ ਧੌਲੀਦਾਰ ਪਵਿੱਤਰ ਝਰਨੇ ਵਾਲੀ ਥਾਂ 'ਤੇ ਪਹਾੜ ਤੋਂ ਅਚਾਨਕ ਚਾਰ-ਪੰਜ ਪੱਥਰ ਖਿਸਕਣ ਕਾਰਨ ਵਾਪਰਿਆ। ਪੱਥਰਾਂ ਹੇਠ ਆਉਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦਕਿ 7 ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਅਤੇ ਲੋਕਾਂ ਨੇ ਨੇੜਲੇ ਅੰਬ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਪੰਜਾਬ ਨਾਲ ਸਬੰਧਤ ਹਨ ਸ਼ਰਧਾਲੂ

ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ 25 ਸਾਲਾ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਰੋੜੀ ਕਪੂਰਾ (ਫਰੀਦਕੋਟ) ਅਤੇ 60 ਸਾਲਾ ਬਲਬੀਰ ਚੰਦ ਪੁੱਤਰ ਵਤਨ ਰਾਮ ਵਾਸੀ ਫਰੀਦਪੁਰ (ਜਲੰਧਰ) ਵੱਜੋਂ ਹੋਈ ਹੈ।

ਜ਼ਖ਼ਮੀਆਂ 'ਚ ਬਲਵੀਰ ਸਿੰਘ (60 ਸਾਲ) ਪੁੱਤਰ ਰਾਮ ਵਾਸੀ ਨਿਡਾਨਾ ਡਾਕਖਾਨਾ ਖੇਦ (ਹਰਿਆਣਾ), ਗੋਵਿੰਦ (ਉਮਰ 30 ਸਾਲ) ਪੁੱਤਰ ਦੇਵ ਰਾਜ ਵਾਸੀ ਬਰਨਾਲਾ, ਧਰਮਿੰਦਰ ਸਿੰਘ (40 ਸਾਲ) ਪੁੱਤਰ ਜਸਪਾਲ ਸਿੰਘ ਵਾਸੀ ਸੋਲਾਂ ਜ਼ਿਲ੍ਹਾ ਤਰਨਤਾਰਨ, ਹਰਪਾਲ ਸਿੰਘ (45 ਸਾਲ) ਪੁੱਤਰ ਸ਼ੇਰ ਸਿੰਘ ਵਾਸੀ ਅੰਮ੍ਰਿਤਸਰ, ਬਬਲੂ (17 ਸਾਲ) ਪੁੱਤਰ ਲਾਲੀ ਵਾਸੀ ਪਿੰਡ ਬਰਾੜ ਅੰਮ੍ਰਿਤਸਰ, ਅੰਗਰੇਜ਼ ਸਿੰਘ (60 ਸਾਲ) ਪੁੱਤਰ ਮੰਗਲ ਸਿੰਘ ਵਾਸੀ ਭਾਰਦ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ, ਰਘੁਬੀਰ ਸਿੰਘ (30 ਸਾਲ) ਪੁੱਤਰ ਬਿੱਲੂ ਸਿੰਘ ਵਾਸੀ ਰੋੜੀਕਪੂਰਾ (ਫਰੀਦਕੋਟ) ਸ਼ਾਮਲ ਹਨ।

Related Post