ਡੇਰਾ ਬਾਬਾ ਨਾਨਕ ਵਿੱਖੇ ਇਤਿਹਾਸਿਕ ਮੇਲਾ "ਮੇਲਾ ਸੰਗ ਦਾ" ਦੀ ਹੋਈ ਸ਼ੁਰੂਆਤ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੀ ਯਾਦ ਵਿੱਚ "ਮੇਲਾ ਸੰਗ ਦਾ" ਸ਼ੁਰੂ ਹੋ ਚੁੱਕਿਆ ਹੈ।

By  Jasmeet Singh March 4th 2023 02:42 PM -- Updated: March 4th 2023 02:47 PM

ਡੇਰਾ ਬਾਬਾ ਨਾਨਕ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੀ ਯਾਦ ਵਿੱਚ "ਮੇਲਾ ਸੰਗ ਦਾ" ਸ਼ੁਰੂ ਹੋ ਚੁੱਕਿਆ ਹੈ। ਇਸ ਜੋੜ ਮੇਲੇ ਵਿਚ ਲੱਖਾਂ ਦੀ ਤਦਾਤ ਵਿੱਚ ਸੰਗਤ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾ ਨਤਮਸਤਕ ਹੋਣ ਵਾਸਤੇ ਡੇਰਾ ਬਾਬਾ ਨਾਨਕ ਦੀ ਧਰਤੀ ਪਹੁੰਚ ਦੀਆ ਹਨ।

ਸ੍ਰੀ ਚੋਲਾ ਸਾਹਿਬ ਦਾ ਇਤਿਹਾਸ 

ਇਤਿਹਾਸ ਮੁਤਾਬਿਕ ਛੇ ਵਸਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕਾਲਪੁਰਖ ਤੋਂ ਪ੍ਰਾਪਤ ਹੋਈਆ ਸਨ ਜਿਹਨਾਂ ਵਿਚੋਂ ਇਹ ਇਕ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਵੀ ਸ਼ਾਮਿਲ ਹੈ। ਇਹ ਚੋਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਆਈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਚੋਲਾ ਸਾਹਿਬ ਇਕ ਸਿੱਖ ਭਾਈ ਤੋਤਾ ਸਿੰਘ ਜੀ ਦੀ ਸੇਵਾ ਤੋਂ ਖੁਸ਼ ਹੋਕੇ ਓਹਨਾ ਨੂ ਦੇ ਦਿੱਤਾ। ਭਾਈ ਤੋਤਾ ਸਿੰਘ ਜੀ ਬਲਖ ਬੁਖਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਸਨ ਅਤੇ ਗੁਰੂ ਅਰਜਨ ਦੇਵ ਜੀ ਨੇ ਚੋਲਾ ਸਾਹਿਬ ਦਿੰਦੇ ਸਮੇ ਕਿਹਾ ਕੀ ਇਸਦੀ ਸੇਵਾ ਸੰਭਾਲ ਹੁਣ ਤੁਹਾਡੇ ਹਵਾਲੇ ਹੈ ਅਤੇ ਫਿਰ ਭਾਈ ਤੋਤਾ ਸਿੰਘ ਜੀ ਨੇ ਚੋਲਾ ਸਾਹਿਬ ਜੀ ਨੂੰ ਆਪਣੇ ਨਾਲ ਬਲਖ ਬੁਖਾਰੇ ਲੈ ਗਏ ਅਤੇ ਆਖਰੀ ਸਵਾਸਾਂ ਤਕ ਇਸਦੀ ਸੇਵਾ ਸੰਭਾਲ ਆਪਣੇ ਹੱਥੀ ਕੀਤੀ। 

ਜਦੋਂ ਅੰਤ ਸਮਾਂ ਆਇਆ ਤਾਂ ਉਹਨਾਂ ਸੋਚਿਆ ਕਿ ਪਤਾ ਨਹੀਂ ਉਹਨਾਂ ਦੇ ਬਾਅਦ ਕੋਈ ਚੋਲਾ ਸਾਹਿਬ ਜੀ ਦੀ ਸੇਵਾ ਕਰ ਪਾਏ ਕੇ ਨਾ ਕਰ ਪਾਏ ਤਾਂ ਉਹਨਾਂ ਇਕ ਗੁਫਾ ਦੇ ਅੰਦਰ ਇਸ ਚੋਲਾ ਸਾਹਿਬ ਨੂੰ ਰੱਖ ਕੇ ਅੱਗੇ ਪੱਥਰ ਰੱਖ ਦਿੱਤਾ ਅਤੇ ਅਰਦਾਸ ਕੀਤੀ ਕਿ ਪਾਤਸ਼ਾਹ ਹੁਣ ਜਿਸ ਵੀ ਆਪਣੇ ਸੇਵਾਦਾਰ ਕੋਲੋ ਆਪਣੇ ਚੋਲਾ ਸਾਹਿਬ ਜੀ ਦੀ ਸੇਵਾ ਲੈਣੀ ਹੈ ਉਸਦੇ ਕੋਲੋ ਤੁਸੀਂ ਖੁਦ ਲੈ ਲੈਣਾ ਜੀ ਅਤੇ ਆਪਣੇ ਸਵਾਸ ਤਿਆਗ ਦਿੱਤੇ। 

ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਪੀੜ੍ਹੀ ਵਿਚ ਬਾਬਾ ਕਾਬਲੀ ਮੱਲ ਜੀ ਹੋਏ ਹਨ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੇ ਕੇ ਹੁਕਮ ਦਿੱਤਾ ਕਿ ਤੁਸੀਂ ਬਲਖ ਬੁਖਾਰੇ ਜਾਉ ਅਤੇ ਉਸ ਗੁਫਾ ਵਿਚੋਂ ਸਾਡਾ ਪਹਿਨਿਆ ਹੋਇਆ ਚੋਲਾ ਸਾਹਿਬ ਲੈਕੇ ਆਉ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਉ। ਬਾਬਾ ਕਾਬਲੀ ਮੱਲ ਜੀ ਦੁਆਬੇ ਤੋਂ ਸੰਗਤ ਲੈਕੇ ਉਸ ਜਗ੍ਹਾ ਪਹੁੰਚੇ ਪਰ ਉਹਨਾਂ ਕੋਲੋ ਪੱਥਰ ਨਾ ਹਟਾਇਆ ਜਾ ਸਕਿਆ। 

ਉਸ ਤੋਂ ਬਾਅਦ ਉਹਨਾਂ ਅਰਦਾਸ ਕੀਤੀ ਅਤੇ ਜਲ ਦੇ ਛਿੱਟੇ ਮਾਰੇ ਤਾਂ ਪੱਥਰ ਹਟ ਗਿਆ ਤਾਂ ਉਹਨਾਂ ਨੂੰ ਚੋਲਾ ਸਾਹਿਬ ਮਿਲ ਗਿਆ ਤਾਂ ਉਸ ਤੋਂ ਬਾਅਦ ਬਾਬਾ ਕਾਬਲੀ ਮੱਲ ਜੀ ਸ੍ਰੀ ਚੋਲਾ ਸਾਹਿਬ ਜੀ ਨੂੰ ਸੰਗਤਾਂ ਦੇ ਨਾਲ ਲੈਕੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚੇ। ਉਸ ਦਿਨ ਤੋਂ ਹੀ ਇਸ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਹਰ ਸਾਲ ਪੈਦਲ ਸੰਗ ਦੇ ਰੂਪ ਵਿੱਚ ਹੋਸ਼ਿਆਰਪੁਰ ਦੇ ਕਸਬਾ ਖਡਿਆਲਾ ਸੈਣੀਆਂ ਤੋਂ ਬੜੀ ਸ਼ਰਧਾ ਭਾਵਨਾ ਨਾਲ ਵੱਖ ਵੱਖ ਥਾਵਾਂ ਤੋਂ ਹੁੰਦੀਆ ਹੋਈਆਂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਦੀਆ ਹਨ। 

ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਅਤੇ ਆਪਣੀਆਂ ਅਰਦਾਸਾਂ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਕਰਦਿਆਂ ਹਰ ਸਾਲ ਚਾਰ ਮਾਰਚ ਤੋਂ ਲੈ ਕੇ ਅੱਠ ਮਾਰਚ ਤੱਕ ਭਾਰੀ ਜੋੜ ਮੇਲਾ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਲੱਗਦਾ ਹੈ। ਜਿਥੇ ਇਸ ਜੋੜ ਮੇਲੇ ਵਿੱਚ ਲੱਖਾਂ ਦੀ ਤਦਾਤ ਵਿੱਚ ਸੰਗਤ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਹਾਜਰੀ ਭਰਦੀਆਂ ਹਨ। ਉੱਥੇ ਹੀ ਰਸਤੇ ਵਿੱਚ ਹਰ ਕਸਬੇ ਹਰ ਪਿੰਡ ਵਿੱਚ ਸੰਗਤਾਂ ਦੇ ਲਈ ਤਰਾਂ ਤਰਾਂ ਦੀਆਂ ਵਸਤਾਂ ਦੇ ਲੰਗਰਾਂ ਦੀ ਸੇਵਾ ਪਿੰਡਾਂ ਅਤੇ ਕਸਬਿਆਂ ਦੀਆਂ ਸੰਗਤਾਂ ਵੱਲੋਂ ਨਿਰੰਤਰ ਜਾਰੀ ਰਹਿੰਦੀ ਹੈ।

Related Post